
ਹਿਊਸਟਨ ਵਿਚ ਸ਼ਹੀਦ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦਾ ਸਨਮਾਨ
ਟੋਲ ਨੂੰ ਦਿਤਾ ਗਿਆ ਸੰਦੀਪ ਸਿੰਘ ਧਾਲੀਵਾਲ ਦਾ ਨਾਂ
ਹਿਊਸਟਨ, 12 ਅਕਤੂਬਰ : ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਅਮਰੀਕੀ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੂੰ ਸਨਮਾਨਤ ਕਰਨ ਲਈ ਹਿਊਸਟਨ ਦੇ ਟੋਲ ਦੇ ਇਕ ਸੈਕਸ਼ਨ ਦਾ ਨਾਂ ਬਦਲ ਕੇ ਉਸ ਦੇ ਨਾਂ 'ਤੇ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਟਰੈਫ਼ਿਕ ਸਟਾਪ 'ਤੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਹੈਰਿਸ ਕਾਉਂਟੀ ਵਿਚ 42 ਸਾਲਾ ਸੰਦੀਪ ਪਹਿਲੇ ਸਿੱਖ ਸ਼ੈਰਿਫ਼ ਡਿਪਟੀ ਸਨ। ਤਿੰਨ ਬੱਚਿਆਂ ਦੇ ਪਿਤਾ ਧਾਲੀਵਾਲ 10 ਸਾਲ ਤੋਂ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਸੁਪਰਵਾਈਜ਼ਰ ਲਈ ਪ੍ਰਮੋਟ ਕੀਤੇ ਜਾਣਾ ਸੀ। ਉਨ੍ਹਾਂ ਦੇ ਕੰਮ ਨੂੰ ਯਾਦ ਰੱਖਦੇ ਹੋਏ ਸਨਮਾਨਤ ਕੀਤਾ ਗਿਆ ਅਤੇ ਟੈਕਸਾਸ 249 ਅਤੇ ਅਮਰੀਕਾ 290 ਵਿਚਕਾਰ ਬੇਲਟਵੇਅ 8 ਟੋਲਵੇਅ ਦਾ ਇਕ ਸੈਕਸ਼ਨ ਸ਼ਹੀਦ ਅਫ਼ਸਰ ਦੇ ਨਾਂ 'ਤੇ ਕਰ ਦਿਤਾ ਜਾਵੇਗਾ। ਇਸ ਦਾ ਨਾਂ ਹੋਵੇਗਾ 'ਐਚ.ਸੀ.ਐਸ.ਓ. ਡਿਪਟੀ ਸੰਦੀਪ ਸਿੰਘ ਧਾਲੀਵਾਲ ਮੈਮੋਰੀਅਲ ਟੋਲਵੇਅ।'
ਇਸ ਮੌਕੇ ਗੁਰਦਵਾਰਾ ਨੈਸ਼ਨਲ ਸੈਂਟਰ ਵਿਚ ਵੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਹੈਰਿਸ ਕਾਉਂਟੀ ਦੇ ਸ਼ੈਰਿਫ਼ ਐਂਡ ਗੋਨਜਾਲੇਜ ਨੇ ਕਿਹਾ,''ਸੰਦੀਪ ਸਿੰਘ ਧਾਲੀਵਾਲ ਹੀਰੋ ਅਤੇ ਰੋਲ ਮਾਡਲ ਸਨ। ਚਲੇ ਗਏ ਪਰ ਭੁਲਾਏ ਨਹੀਂ ਗਏ। ਅਸੀ ਅਪਣੇ ਦੋਸਤ ਅਤੇ ਭਰਾ ਨੂੰ ਯਾਦ ਕਰਦੇ ਹਾਂ।'' (ਪੀ.ਟੀ.ਆਈ)