
ਫ਼ਾਜ਼ਿਲਕਾ ਤੇ ਗੁਰਦਾਸਪੁਰ ਵਿਚ ਅਤਿ-ਲੋੜੀਂਦੇ ਪੁਲਾਂ ਦਾ ਉਦਘਾਟਨ
ਗੁਰਦਾਸਪੁਰ, ਡੇਰਾ ਬਾਬਾ ਨਾਨਕ, 12 ਅਕਤੂਬਰ (ਬਲਵਿੰਦਰ ਬਾਲਮ, ਰਵੀ ਕੁਮਾਰ ਮੰਗਲਾ, ਹੀਰਾ ਸਿੰਘ ਮਾਂਗਟ) : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਫ਼ਾਜ਼ਿਲਕਾ ਵਿਖੇ ਸੁਰੱਖਿਆ ਪੱਖੋਂ ਅਹਿਮ ਅਤੇ ਲੋਕਾਂ ਲਈ ਅਤਿ-ਲੋੜੀਂਦੇ ਪੁਲ ਅੱਜ ਉਦਘਾਟਨ ਉਪਰੰਤ ਰਾਸ਼ਟਰ ਨੂੰ ਸਮਰਪਤ ਕਰ ਦਿਤੇ ਗਏ। ਪੁਲਾਂ ਦੇ ਸਾਂਝੇ ਉਦਘਾਟਨ ਉਪਰੰਤ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਹੋ ਨਿਬੜਿਆ ਕਿਉਂ ਜੋ ਆਨਲਾਈਨ ਮਾਧਿਆਮ ਰਾਹੀਂ ਹੋਏ ਉਦਘਾਟਨੀ ਸਮਾਰੋਹ, ਜਿਸ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੀਤੀ, ਵਿਚ ਸੂਬੇ ਦੇ ਚਾਰ ਅਤਿ-ਲੋੜੀਂਦੇ ਪੁਲਾਂ ਦਾ ਉਦਘਾਟਨ ਕੀਤਾ ਗਿਆ। ਸੁਰੱਖਿਆ ਦੇ ਨਜ਼ਰੀਏ ਤੋਂ ਅਹਿਮ ਅਤੇ ਸਰਹੱਦੀ ਜ਼ਿਲ੍ਹਿਆਂ ਦੀ ਮੁਕਾਮੀ ਬਾਸ਼ਿੰਦਿਆਂ ਦੀਆਂ ਲੋੜਾਂ ਦੀ ਪੂਰਤੀ ਕਰਦੇ ਇਨ੍ਹਾਂ ਪੁਲਾਂ ਵਿਚੋਂ ਤਿੰਨ ਪੁਲ ਜ਼ਿਲ੍ਹਾ ਗੁਰਦਾਸਪੁਰ ਅਤੇ ਇਕ ਪੁਲ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਬਣਾਇਆ ਗਿਆ ਹੈ।
ਦਸਣਯੋਗ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਸੋਮਵਾਰ ਨੂੰ ਦੇਸ਼ ਭਰ ਵਿਖੇ ਕੁੱਲ 44 ਮਹੱਤਵਪੂਰਨ ਪੁਲਾਂ ਦਾ ਉਦਘਾਟਨ ਕੀਤਾ ਗਿਆ। ਜਿਨ੍ਹਾਂ ਵਿਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦਾ ਕੱਸੋਵਾਲ ਪੁਲ ਵੀ ਸ਼ਾਮਲ ਹੈ। ਹਾਲਾਂਕਿ ਰਾਜਨਾਥ ਸਿੰਘ ਵਲੋਂ ਇਨ੍ਹਾਂ ਸਾਰੇ ਪੁਲਾਂ ਦਾ ਉਦਘਾਟਨ ਆਨਲਾਈਨ ਰਿਮੋਟ ਰਾਹੀ ਅਪਣੇ ਕਾਰਜ ਸਥਾਨ ਤੋਂ ਹੀ ਕੀਤਾ ਗਿਆ। ਇਸ ਦੇ ਨਾਲ ਹੀ ਇਨ੍ਹਾਂ 44 ਪੁਲਾਂ ਵਿਚੋਂ ਗੁਰਦਾਸਪੁਰ ਦਾ ਪੁੱਲ ਸੱਭ ਤੋਂ ਵੱਡਾ ਪੁੱਲ ਹੋਣ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਪੱਖੋਂ ਵੀ ਕਾਫ਼ੀ ਅਹਿਮ ਦਸਿਆ ਜਾ ਰਿਹਾ ਹੈ ਅਤੇ ਇਸ 484 ਮੀਟਰ ਲੰਮੇ ਪੁਲ ਦੇ ਬਣਨ ਨਾਲ ਨਾਂ ਸਿਰਫ਼ ਦੇਸ਼ ਦੀ ਸੈਨਾ ਬਲ ਤੇ ਕਿਸਾਨਾਂ ਦੀ ਕਰੀਬ 4 ਹਜ਼ਾਰ ਏਕੜ ਵਾਹੀ ਯੋਗ ਜ਼ਮੀਨ ਵੀ ਸਿੱਧੇ ਰੂਪ ਵਿਚ ਦੇਸ਼ ਨਾਲ ਜੁੜ ਜਾਵੇਗੀ। ਕਿਉਂ ਕਿ ਅਜ਼ਾਦੀ ਦੇ ਬਾਅਦ ਤੋਂ ਹੀ ਇਸ ਪੁਲ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਖੀਰ ਕਿਸਾਨਾਂ ਅਤੇ ਭਾਰਤੀ ਸੈਨਾ ਦੀ ਮੰਗ ਪੂਰੀ ਹੋ ਚੁੱਕੀ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਗੇ ਦਸਿਆ ਕਿ ਇਨ੍ਹਾਂ ਚਾਰ ਪੁਲਾਂ ਦੀ ਉਸਾਰੀ ਨਾਲ ਨਾ ਸਿਰਫ਼ ਸਰਹੱਦੀ ਖੇਤਰਾਂ ਦਾ ਆਰਥਕ ਅਤੇ ਸਮਾਜਕ ਵਿਕਾਸ ਹੋਵੇਗਾ, ਸਗੋਂ ਪੂਰੇ ਦੇਸ਼ ਦੀ ਸੁਰੱਖਿਆ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਸਮੁੱਚੇ ਸਮਾਜਕ-ਆਰਥਕ ਸੁਧਾਰਾਂ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵਲੋਂ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਨੂੰ ਜੋੜਨ ਲਈ ਰਾਜਮਾਰਗਾਂ ਦਾ ਵਿਕਾਸ ਸ਼ਾਮਲ ਹੈ।
ਪੁਲਾਂ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਸ਼੍ਰੀ ਸਿੰਗਲਾ ਨੇ ਦਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਘੋਨੇਵਾਲਾ-ਰਸੂਲਪੁਰ ਸੜਕ 'ਤੇ ਕਾਸੋਵਾਲ ਵਿਖੇ ਧਰਮਕੋਟ ਪੱਤਣ ਨੇੜੇ ਰਾਵੀ ਦਰਿਆ ਉਪਰ ਬਣਾਇਆ ਗਿਆ 483.95 ਮੀਟਰ ਲੰਮਾ ਮਲਟੀ ਸੈੱਲ ਬਾਕਸ ਬ੍ਰਿਜ (ਸਬਮਰਸੀਬਲ) ਸੁਰੱਖਿਆ ਬਲਾਂ ਲਈ ਜ਼ਰੂਰੀ ਸੰਪਰਕ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕੰਮਕਾਜ ਵਿਚ ਸਹਾਈ ਹੋਵੇਗਾ। ਇਸ ਤੋਂ ਇਲਾਵਾ ਸਰਹੱਦ ਨਾਲ ਲਗਦੇ ਕਾਸੋਵਾਲ ਐਨਕਲੇਵ ਦੇ ਬਹੁਤ ਸਾਰੇ ਪਿੰਡ ਸਮਾਜਕ ਅਤੇ ਆਰਥਿਕ ਤੌਰ 'ਤੇ ਮੁੱਖ ਸ਼ਹਿਰਾਂ ਨਾਲ ਜੁੜਨਗੇ।
ਪੁਲਾਂ ਦੀ ਜ਼ਰੂਰਤ ਬਾਰੇ ਦਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਾਸੋਵਾਲ ਐਨਕਲੇਵ ਬਰਸਾਤਾਂ ਦੇ ਦਿਨਾਂ ਨੂੰ ਛੱਡ ਕੇ ਬਾਕੀ ਦਿਨਾਂ ਵਿਚ ਹੀ ਸੀਮਤ ਸਮਰੱਥਾ ਵਾਲੇ ਪੈਨਟੂਨ ਪੁਲ ਰਾਹੀਂ ਰਾਜ ਦੇ ਬਾਕੀ ਹਿੱਸੇ ਨਾਲ ਜੁੜਿਆ ਰਹਿੰਦਾ ਹੈ, ਜਦੋਂ ਕਿ ਬਰਸਾਤਾਂ ਵਿਚ ਹਰ ਸਾਲ ਇਹ ਪੁਲ ਹਟਾਉਣਾ ਪੈਂਦਾ ਹੈ। ਇਸ ਕਾਰਨ ਕਿਸਾਨ ਦਰਿਆ ਪਾਰ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਉਤੇ ਬਰਸਾਤਾਂ ਦੌਰਾਨ ਕਾਸ਼ਤ ਨਹੀਂ ਕਰ ਸਕਦੇ ਸਨ। ਇਸ ਦੇ ਨਾਲ ਹੀ ਮੌਨਸੂਨ ਦੌਰਾਨ ਫ਼ੌਜ ਲਈ ਕੁਮਕ ਭੇਜਣੀ ਅਤੇ ਸੰਚਾਰ ਬਣਾਈ ਰੱਖਣਾ ਚੁਣੌਤੀ ਬਣਿਆ ਰਹਿੰਦਾ ਸੀ। ਇਹ ਪੁਲ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਇਸ ਐਨਕਲੇਵ ਨੂੰ ਭਾਰਤ ਦੇ ਬਾਕੀ ਹਿੱਸੇ ਨਾਲ ਹਮੇਸ਼ਾ ਲਈ ਜੋੜ ਦੇਵੇਗਾ।
ਫ਼ੋਟੋ : ਗੁਰਦਾਸਪੁਰ--ਪੁਲ
ਤਸਵੀਰ: ਹੀਰਾ ਸਿੰਘ ਮਾਂਗਟ02
ਲੋਕ ਨਿਰਮਾਣ ਮੰਤਰੀ ਨੇ ਕਿਹਾ, ਪੁਲ ਸਰਹੱਦੀ ਖੇਤਰਾਂ ਵਿਚ ਵਿਕਾਸ ਯਕੀਨੀ ਬਣਾਉਣ ਦੇ ਨਾਲ-ਨਾਲ ਸੁਰੱਖਿਆ ਨੂੰ ਮਜ਼ਬੂਤ ਕਰਨਗੇ