
ਦਲ ਖ਼ਾਲਸਾ ਨੇ ਕੰਵਰਪਾਲ ਸਿੰਘ ਦੀ ਥਾਂ ਪਰਮਜੀਤ ਸਿੰਘ ਮੰਡ ਨੂੰ ਨਵਾਂ ਬੁਲਾਰਾ ਨਿਯੁਕਤ ਕੀਤਾ
ਅੰਮਿ੍ਤਸਰ, 12 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਦਲ ਖ਼ਾਲਸਾ ਸਿੱਖ ਜਥੇਬੰਦੀ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਨੌਜਵਾਨ ਚਿਹਰਾ ਪਰਮਜੀਤ ਸਿੰਘ ਮੰਡ ਨੂੰ ਸੀਨੀਅਰ ਆਗੂ ਕੰਵਰਪਾਲ ਸਿੰਘ ਦੀ ਥਾਂ ਜਥੇਬੰਦੀ ਦਾ ਨਵਾਂ ਬੁਲਾਰਾ ਨਿਯੁਕਤ ਕੀਤਾ ਹੈ | ਮੀਡੀਆ ਨੂੰ ਜਾਰੀ ਬਿਆਨ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਨੌਜਵਾਨ ਆਗੂ ਪਰਮਜੀਤ ਸਿੰਘ ਮੰਡ ਜੋ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦੇ ਅਹੁਦੇ ਤੇ ਸੇਵਾ ਨਿਭਾ ਰਹੇ ਸਨ, ਨੂੰ ਦਲ ਖ਼ਾਲਸਾ ਦਾ ਅਗਲਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ |
ਉਨ੍ਹਾਂ ਦਸਿਆ ਕਿ ਉਹ, ਕੰਵਰਪਾਲ ਸਿੰਘ ਜੋ ਕਿ ਪਿਛਲੇ ਇਕ ਦਹਾਕੇ ਤੋਂ ਪਾਰਟੀ ਦੇ ਬੁਲਾਰੇ ਵਜੋਂ ਕੰਮ ਕਰ ਰਹੇ ਸਨ ਦੀ ਥਾਂ ਲੈਣਗੇ | ਪਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਨਵਾਇਰਨਮੈਂਟਲ ਸਾਇੰਸਜ਼ ਵਿਚ ਐਮ.ਐਸ.ਸੀ ਕੀਤੀ ਹੈ | ਪੰਥ ਅਤੇ ਪੰਜਾਬ ਦੀ ਹੋਣੀ ਤੇ ਹੋਂਦ ਨਾਲ ਜੁੜੇ ਹਰ ਮੁੱਦੇ ਉਤੇ ਮੰਡ ਸਰਗਰਮ ਭੂਮਿਕਾ ਨਿਭਾਉਣ ਦੇ ਨਾਲ-ਨਾਲ ਬੜੀ ਬੇਬਾਕੀ ਨਾਲ ਅਪਣੇ ਵਿਚਾਰ ਰਖਦੇ ਹਨ | ਭਾਈ ਚੀਮਾ ਨੇ ਦਸਿਆ ਕਿ ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਵਿਚ ਵਧੇਰੇ ਥਾਂ ਦੇਣ ਲਈ ਅਗਲੇ ਕੱੁਝ ਹਫ਼ਤਿਆਂ ਅੰਦਰ ਉਹ ਜਥੇਬੰਦਕ ਢਾਂਚੇ ਦਾ ਪੁਨਰ ਗਠਨ ਕਰਨ ਜਾ ਰਹੇ ਹਨ ਜਿਸ ਵਿਚ ਨਵੇਂ ਚੇਹਰੇ ਵੀ ਸ਼ਾਮਲ ਕੀਤੇ ਜਾਣਗੇ | ਬਦਲਦੇ ਹਾਲਾਤ ਅਤੇ ਨਵੀਂ ਤਕਨੀਕ ਦੇ ਇਸ ਦੌਰ ਵਿਚ ਪੰਥ ਅਤੇ ਪੰਜਾਬ ਦੇ ਉਜਵਲ ਭਵਿੱਖ ਲਈ ਨੌਜਵਾਨਾਂ ਨੂੰ ਲੀਡਰਸ਼ਿਪ ਦੇ ਰੋਲ ਵਿਚ ਅੱਗੇ ਲਿਆਉਣਾ ਬਹੁਤ ਅਹਿਮ ਹੋ ਗਿਆ ਹੈ |