
ਖੱਟਰ ਨੇ ਕਿਹਾ, "SYL ਦੇ ਪਾਣੀ 'ਤੇ ਸਾਡਾ ਹੱਕ" ਕੀ 14 ਅਕਤੂਬਰ ਦੀ ਬੈਠਕ 'ਚ ਨਿੱਕਲੇਗਾ ਹੱਲ?
ਚੰਡੀਗੜ੍ਹ - ਵਿਵਾਦਿਤ ਐੱਸ.ਵਾਈ.ਐੱਲ. ਨਹਿਰ ਦੇ ਮੁੱਦੇ 'ਤੇ ਸ਼ੁੱਕਰਵਾਰ 14 ਅਕਤੂਬਰ ਨੂੰ ਹੋਣ ਵਾਲੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਰ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਪਾਣੀ ਦੀ ਪ੍ਰਾਪਤੀ ਹਰਿਆਣਾ ਦਾ ਹੱਕ ਹੈ, ਅਤੇ ਉਹ ਇਹ ਲੈ ਕੇ ਰਹਿਣਗੇ।
ਮੁੱਖ ਮੰਤਰੀ ਹਰਿਆਣਾ ਨੇ ਕਿਹਾ ਕਿ ਇਸ ਮੁੱਦੇ ਦੇ ਹੱਲ ਵਾਸਤੇ ਨਿਰਧਾਰਿਤ ਟਾਈਮ ਲਾਈਨ ਤੈਅ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਣ ਵਾਲੀ ਮੀਟਿੰਗ ਵਿੱਚ ਮਸਲਾ ਜ਼ਰੂਰ ਹੱਲ ਹੋ ਜਾਵੇਗਾ।
14 ਅਕਤੂਬਰ ਨੂੰ ਚੰਡੀਗੜ੍ਹ ‘ਚ ਹੋਵੇਗੀ ਬੈਠਕ
ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ 14 ਅਕਤੂਬਰ ਦੀ ਬੈਠਕ ਚੰਡੀਗੜ੍ਹ ਵਿਖੇ ਸਵੇਰੇ 11.30 ਵਜੇ ਹੋਵੇਗੀ। ਇਸ ਬੈਠਕ ਵਿੱਚ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਹਾਕਿਆਂ ਤੋਂ ਲਟਕੇ ਇਸ ਮਾਮਲੇ ਨੂੰ ਸੁਲਝਾਉਣ ਲਈ ਵਿਚਾਰ-ਵਟਾਂਦਰਾ ਕਰਨਗੇ। ਪਰ ਇਸ ਬੈਠਕ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਖੱਟਰ ਦੇ ਇਸ ਬਿਆਨ ਦੇ ਕਈ ਅਰਥ ਕੱਢੇ ਜਾ ਰਹੇ ਹਨ।
ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਹੋ ਰਹੀ ਬੈਠਕ
ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇਹ ਬੈਠਕ ਸੁਪਰੀਮ ਕੋਰਟ ਦੇ ਹੁਕਮਾਂ ਅਧੀਨ ਹੋ ਰਹੀ ਹੈ। ਅਦਾਲਤ ਨੇ ਪਿਛਲੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਲਈ ਕਿਹਾ ਸੀ। ਅਦਾਲਤ ਨੇ ਕਿਹਾ ਸੀ ਕਿ ਇਸ ਮੀਟਿੰਗ ‘ਚ ਦੋਵਾਂ ਆਗੂਆਂ ਨੂੰ ਐਸ.ਵਾਈ.ਐਲ. ਮੁੱਦੇ ਨੂੰ ਸੁਲਝਾਉਣ ਦਾ ਰਸਤਾ ਲੱਭਣਾ ਚਾਹੀਦਾ ਹੈ। ਦਰਅਸਲ ਹਰਿਆਣਾ ਨੇ ਅਦਾਲਤ ਨੂੰ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਨਾਲ ਮੀਟਿੰਗ ਕਰਨ ਤੋਂ ਝਿਜਕ ਰਹੇ ਹਨ। ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇਹ ਬੈਠਕ ਅਦਾਲਤ ਵੱਲੋਂ ਕੀਤੇ ਹੁਕਮਾਂ ਤੋਂ ਬਾਅਦ ਹੋ ਰਹੀ ਹੈ।
ਬੈਠਕ ਦੇ ਨਤੀਜਿਆਂ ਬਾਰੇ ਉਤਸੁਕਤਾ
ਇਸ ਬੈਠਕ ਬਾਰੇ ਦੋਵੇਂ ਸੂਬਿਆਂ ਦੇ ਸਿਆਸੀ ਧਿਰਾਂ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਉਤਸੁਕਤਾ ਹੈ। ਅਦਾਲਤੀ ਕਾਰਵਾਈ ਦੀ ਗੱਲ ਕਰੀਏ ਤਾਂ ਦੋਵਾਂ ਸੂਬਿਆਂ ਨੂੰ 15 ਅਕਤੂਬਰ ਨੂੰ ਅਦਾਲਤ ਵਿੱਚ ਆਪਣੇ ਜਵਾਬ ਦਾਖਲ ਕਰਨੇ ਹਨ। ਇਸ ਬੈਠਕ ਤੋਂ ਬਾਅਦ ਦੋਵੇਂ ਸੂਬੇ ਆਪਣੇ ਜਵਾਬ ਤਿਆਰ ਕਰਨਗੇ, ਜੋ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਦੋਵਾਂ ਸੂਬਿਆਂ ਵੱਲੋਂ ਦਿੱਤੇ ਜਾਣ ਵਾਲੇ ਜਵਾਬ ਤੈਅ ਕਰਨਗੇ ਕਿ ਇਹ ਮਾਮਲਾ ਕਿਸ ਦਿਸ਼ਾ ਵਿੱਚ ਅੱਗੇ ਵਧੇਗਾ। ਸਤਲੁਜ-ਯਮਨਾ ਲਿੰਕ ਦੇ ਇਸ ਮੋੜ 'ਤੇ ਪਹੁੰਚਣ 'ਤੇ ਸਿਆਸਤ ਵੀ ਤੇਜ਼ੀ ਨਾਲ ਗਰਮਾ ਰਹੀ ਹੈ। ਇਹ ਇੱਕ ਗੰਭੀਰ ਅਤੇ ਲੰਮੇ ਸਮੇਂ ਤੋਂ ਉਲਝਿਆ ਮਸਲਾ ਹੈ, ਅਤੇ ਇਸ ਦੇ ਹੱਲ ਵਾਸਤੇ ਸੰਜਮ ਤੇ ਸੂਝ ਦੀ ਵਰਤੋਂ ਬੇਹੱਦ ਲਾਜ਼ਮੀ ਹੈ।