
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਫਿਰ ਜੇਲ੍ਹ ਭੇਜ ਦਿੱਤਾ ਗਿਆ।
ਜਲੰਧਰ- ਸਾਬਕਾ ਭਾਜਪਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਖਾਸਮਖਾਸ ਭਾਜਪਾ ਆਗੂ ਪ੍ਰਦੀਪ ਖੁੱਲਰ ਨੂੰ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰਦੀਪ ਖੁੱਲਰ ਕਿਸੇ ਕੰਮ ਲਈ ਐਨਐਚਐਸ ਹਸਪਤਾਲ ਗਿਆ ਸੀ ਅਤੇ ਪੁਲਿਸ ਨੇ ਉਸ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਫਿਰ ਜੇਲ੍ਹ ਭੇਜ ਦਿੱਤਾ ਗਿਆ।
ਪੁਲਿਸ ਨੇ ਭਾਜਪਾ ਨੇਤਾ ਨੂੰ ਬਹੁਚਰਚਿਤ ਕੇਸ ਮਿੰਟੀ ਕੌਰ ਅਤੇ ਆਸ਼ੂ ਸਾਂਪਲਾ ਵਿਚਾਲੇ ਹੋਏ ਝਗੜੇ 'ਚ ਫੇਸਬੁੱਕ 'ਤੇ ਉਸ ਖਿਲਾਫ ਪੋਸਟ ਪਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਜਿਸ 'ਚ ਉਨ੍ਹਾਂ ਖਿਲਾਫ ਦਰਜ ਕੀਤੀ ਗਈ ਐੱਫ.ਆਈ.ਆਰ. 18-5-17 ਨੂੰ ਨਿਊ ਜਵਾਹਰ ਨਗਰ ਦੀ ਰਹਿਣ ਵਾਲੀ ਮਿੰਟੀ ਕੌਰ ਨੇ ਸ਼ਿਕਾਇਤ ਦਿੱਤੀ ਸੀ ਤਾਂ ਭਾਜਪਾ ਆਗੂ ਅਤੇ ਮੌਜੂਦਾ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਪਣੀ ਫੇਸਬੁੱਕ 'ਤੇ ਮਿੰਟੀ ਕੌਰ ਖਿਲਾਫ ਪੋਸਟ ਪਾਈ ਸੀ, ਜਿਸ 'ਚ ਉਸ ਖਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।
ਦੋਸ਼ ਲਗਾਇਆ ਗਿਆ ਸੀ ਕਿ ਸ਼ੀਤਲ ਨੇ ਪੋਸਟ ਨੂੰ 34 ਹੋਰ ਦੋਸਤਾਂ ਨੂੰ ਟੈਗ ਕੀਤਾ ਸੀ ਜਿਸ ਵਿਚ ਕਈ ਲੋਕਾਂ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।
ਇਸ ਵਿਚ ਭਾਜਪਾ ਆਗੂ ਪ੍ਰਦੀਪ ਖੁੱਲਰ ਨੇ ਟਿੱਪਣੀ ਕੀਤੀ ਸੀ ਕਿ ਬਲੈਕਮੇਲਰ ਮਿੰਟੀ, ਜੋ ਇੱਜ਼ਤਦਾਰ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਲੈਕਮੇਲ ਕਰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਵੀ ਭੱਦੀਆਂ ਟਿੱਪਣੀਆਂ ਕੀਤੀਆਂ। ਜਾਂਚ ਤੋਂ ਬਾਅਦ ਪੁਲਿਸ ਨੇ ਸ਼ੀਤਲ ਅੰਗੁਰਾਲ, ਅਸ਼ਵਨੀ ਬਬੂਟਾ, ਦੀਪਕ ਲੂਥਲਾ, ਦਿਨੇਸ਼ ਵਰਮਾ, ਰਾਜੀਵ ਚੋਪੜਾ, ਅੰਮ੍ਰਿਤ ਧਨੋਆ, ਪ੍ਰਦੀਪ ਖੁੱਲਰ, ਸੋਨੂੰ ਦਿਨਕਰ, ਵਿਕਾਸ ਕਪਿਲਾ ਦੇ ਖਿਲਾਫ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।