ਰਾਜ ਕੁਮਾਰ ਵੇਰਕਾ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਨੇ ਮੁੜ ਫੜਿਆ ਕਾਂਗਰਸ ਦਾ ਪੱਲਾ
ਚੰਡੀਗੜ੍ਹ: ਪੰਜਾਬ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ ਸਾਬਕਾ ਮੰਤਰੀਆਂ ਦੀ ਕਾਂਗਰਸ 'ਚ ਘਰ ਵਾਪਸੀ ਹੋਈ ਹੈ। ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਬਲਵੀਰ ਸਿੱਧੂ, ਗੁਰਪ੍ਰੀਤ ਕਾਂਗੜ, ਹੰਸਰਾਜ ਜੋਸਨ, ਕਮਲਜੀਤ ਸਿੰਘ ਢਿੱਲੋਂ ਅਤੇ ਕਰਨਵੀਰ ਸਿੰਘ ਢਿੱਲੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ।
ਇਹ ਸਾਰੇ ਨੇਤਾ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਪਹੁੰਚੇ। ਜਿਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੂੰ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮਿਲਣ ਲਈ ਬੁਲਾਇਆ ਗਿਆ। ਇਨ੍ਹਾਂ ਤੋਂ ਇਲਾਵਾ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਅਤੇ ਮਹਿੰਦਰ ਰਿਣਵਾ ਜੋ ਅਕਾਲੀ ਦਲ ਤੋਂ ਕੱਢੇ ਗਏ, ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਬੀਜੇਪੀ ਛੱਡ ਕਾਂਗਰਸ 'ਚ ਮੁੜ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਅਸੀਂ ਕਾਂਗਰਸ ਨਾਲ ਜਿਉਣਾ ਤੇ ਕਾਂਗਰਸ ਨਾਲ ਹੀ ਮਰਨਾ ਹੈ। ਕਦੇ-ਕਦੇ ਬੰਦੇ ਤੋਂ ਗਲਤੀ ਹੋ ਜਾਂਦੀ ਹੈ। ਉਸ ਨੂੰ ਸੁਧਾਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ BJP ਛੱਡ ਕੇ ਮੁੜ ਕਾਂਗਰਸ ਵਿਚ ਆਏ ਲੀਡਰਾਂ ਦਾ ਪ੍ਰਤਾਪ ਸਿੰਘ ਬਾਜਵਾ ਨੇ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ 'ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਉਹਨੂੰ ਭੁੱਲਿਆ ਨੀ ਕਹਿੰਦੇ'। ਪਾਰਟੀ ਉਨ੍ਹਾਂ ਦੇ ਵਾਪਸ ਆਉਣ 'ਤੇ ਖੁਸ਼ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣਾ ਸਾਡੀ ਗਲਤੀ ਸੀ ਤੇ ਅੱਜ ਅਸੀਂ ਘਰ ਵਾਪਸੀ ਕਰ ਲਈ ਹੈ।
ਦੱਸ ਦੇਈਏ ਕਿ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਮਗਰੋਂ ਰਾਜਕੁਮਾਰ ਵੇਰਕਾ ਤੇ ਕਾਂਗਰਸ ਦੇ ਕਈ ਦੂਜੇ ਵੱਡੇ ਲੀਡਰਾਂ ਨੇ ਪਾਰਟੀ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜ ਲਿਆ ਸੀ। ਇਨ੍ਹਾਂ ਨੇਤਾਵਾਂ ਨੇ ਵਿਧਾਨ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਿੱਚ ਮਚੇ ਅੰਦਰੂਨੀ ਕਲੇਸ਼ ਮਗਰੋਂ ਪਾਰਟੀ ਛੱਡੀ ਸੀ। ਹੁਣ ਤਕਰੀਬਨ ਇੱਕ ਸਾਲ ਮਗਰੋਂ ਕਾਂਗਰਸੀਆਂ ਨੇ ਮੁੜ ਘਰ ਵਾਪਸੀ ਕੀਤੀ ਹੈ।