
Jalandhar News: ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
Punjab Roadways Bus Accident Jalandhar News: ਨਕੋਦਰ-ਜਲੰਧਰ ਮਾਰਗ ’ਤੇ ਪਿੰਡ ਮੁੱਧਾਂ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਪੰਜਾਬ ਰੋਡਵੇਜ਼ ਦੀ ਬੱਸ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ ਹੋ ਗਈ।
ਹਾਦਸੇ ਵਿਚ ਸਕੂਟਰੀ ਸਵਾਰ 2 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਤੋਖ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਆਨ ਪਿੰਡ ਸ਼ਮਸ਼ਾਬਾਦ, ਨੂਰਮਹਿਲ ਵਜੋਂ ਹੋਈ ਹੈ।
ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਜਾਣਕਾਰੀ ਅਨੁਸਾਰ ਸੰਤੋਖ ਸਿੰਘ ਅਤੇ ਸੁਖਦੇਵ ਸਿੰਘ ਆਪਣੀ ਸਕੂਟਰੀ ’ਤੇ ਜਲੰਧਰ ਦਵਾਈ ਲੈਣ ਲਈ ਜਾ ਰਹੇ ਸਨ। ਜਦੋਂ ਉਹ ਨਕੋਦਰ-ਜਲੰਧਰ ਮਾਰਗ ’ਤੇ ਪਿੰਡ ਮੁੱਧਾਂ ਤੋਂ ਥੋੜ੍ਹਾ ਅੱਗੇ ਮੇਨ ਸੜਕ ਵਿਚ ਬਣੇ ਕੱਟ ਦੇ ਸਾਹਮਣੇ ਪੁੱਜੇ ਤਾਂ ਨਕੋਦਰ ਸਾਈਡ ਵੱਲੋਂ ਇਕ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਵਿਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।