
ਕਿਹਾ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਇਕ ਪਰਿਵਾਰ ਦੀ ਹੈ ਪਾਰਟੀ
ਤਰਨ ਤਾਰਨ : ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਬਣਾਈ ਗਈ ਪਾਰਟੀ ‘ਵਾਰਿਸ ਪੰਜਾਬ ਦੇ ਜਥੇਬੰਦੀ’ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਅਸਲੀ ਵਾਰਿਸ ਨਹੀਂ ਇਸ ਬਾਰੇ ਸੰਗਤ ਸੋਚੇ ਕਿ ਅਸਲੀ ਵਾਰਿਸ ਕੌਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਵਾਰਿਸ ਪੰਜਾਬ ਦੇ ਜਥੇਬੰਦੀ’ ਦੀਪ ਸਿੱਧੂ ਅਤੇ ਮੇਰੇ ਪੁੱਤਰ ਅਵਤਾਰ ਸਿੰਘ ਖੰਡਾ ਵੱਲੋਂ ਬਣਾਈ ਗਈ। ਉਨ੍ਹਾਂ ਕਿਹਾ ਕਿ ਜਦੋਂ ਇਸ ਜਥੇਬੰਦੀ ਦਾ ਗਠਨ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਇਸ ਲਈ ਇਕ 16 ਮੈਂਬਰੀ ਕਮੇਟੀ ਬਣਾਈ ਗਈ ਸੀ। ਜਦਕਿ ਅੱਜ 16 ਮੈਂਬਰੀ ਕਮੇਟੀ ਵਿਚੋਂ ਇਕ ਵੀ ਮੈਂਬਰ ਇਸ ਜਥੇਬੰਦੀ ਵਿਚ ਨਹੀਂ ਹੈ। ਜਦੋਂ ਮੇਰੇ ਪੁੱਤ ਨੇ ਜਥੇਬੰਦੀ ਬਣਾਉਣ ਤੋਂ ਬਾਅਦ ਕਿਹਾ ਕਿ ਅਸੀਂ ‘ਵਾਰਿਸ ਪੰਜਾਬ ਦੇ ਜਥੇਬੰਦੀ’ ਬਣਾ ਲਈ ਹੈ ਪਰ ਸਾਡੇ ਵੱਲੋਂ ਕੋਈ ਵੀ ਚੋਣ ਨਹੀਂ ਲੜੀ ਜਾਵੇਗੀ। ਪਰ ਇਨ੍ਹਾਂ ਵੱਲੋਂ ਚੋਣ ਲੜੀ ਗਈ ਕਿੱਥੇ ਗਿਆ ਇਨ੍ਹਾਂ ਦਾ ਸਟੈਂਡ। ਜਦੋਂ ਰੋਡੇ ਪਿੰਡ ਵਿਚ 50 ਹਜ਼ਾਰ ਦੇ ਇਕੱਠ ਵਿਚ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਹੈ, ਉਸ ਸਮੇਂ ਮੈਂ ਵੀ ਦਸਤਾਰਬੰਦੀ ਮੌਕੇ ਹਜ਼ਾਰ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਸਾਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਤੁਸੀਂ ਦਸਤਾਰਬੰਦੀ ਮੌਕੇ ਮੌਜੂਦ ਸੀ ਅਤੇ ਮੈਂ ਕਿਹਾ ਕਿ ਮੈਂ ਬਿਲਕੁਲ ਨਹੀਂ ਮੁੱਕਰਾਂਗੀ ਅਤੇ ਮੈਂ ਖੁਦ ਅੰਮ੍ਰਿਤਪਾਲ ਦੀ ਦਸਤਾਰਬੰਦੀ ਕੀਤੀ ਸੀ। ਜਦੋਂ ਪੁਲਿਸ ਵੱਲੋਂ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਸਾਡੇ ਘਰ ਸੀਆਈਡੀ ਪਹੁੰਚ ਗਈ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਸਾਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਜੇਕਰ ਮੈਂ ਹੁਣ ਗੁਰਦੁਆਰਾ ਸਾਹਿਬ ਵਿਖੇ ਵੀ ਜਾਂਦੀ ਹਾਂ ਤਾਂ ਸਾਡੇ ਨਾਲ ਪੁਲਿਸ ਹੁੰਦੀ ਹੈ।
ਉਨ੍ਹਾਂ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੇਰੇ ਪੁੱਤਰ ਨੂੰ ਵੀ ਇਨ੍ਹਾਂ ਵੱਲੋਂ ਹੀ ਮਰਵਾਇਆ ਗਿਆ ਹੈ। ਕਿਉਂਕਿ ਮੇਰਾ ਪੁੱਤਰ ਦੀਪ ਸਿੱਧੂ ਦੀ ਸੋਚ ਨੂੰ ਕਾਇਮ ਰੱਖਣਾ ਚਾਹੁੰਦਾ ਸੀ। ਇਨ੍ਹਾਂ ਵੱਲੋਂ ਮਿਲ ਕੇ ਪਹਿਲਾਂ ਦੀਪ ਸਿੱਧੂ ਨੂੰ ਰਸਤੇ ਵਿਚੋਂ ਹਟਾਇਆ ਗਿਆ ਅਤੇ ਇਸੇ ਤਰ੍ਹਾਂ ਮੇਰੇ ਪੁੱਤਰ ਅਵਤਾਰ ਸਿੰਘ ਖੰਡਾ ਨੂੰ ਇਨ੍ਹਾਂ ਨੇ ਹੀ ਰਲ-ਮਿਲ ਕੇ ਰਸਤੇ ’ਚੋਂ ਹਟਾਇਆ। ਚਰਨਜੀਤ ਕੌਰ ਨੇ ਕਿਹਾ ਕਿ ਮੇਰੇ ਪੁੱਤਰ ਨੇ ਇਨ੍ਹਾਂ ਨੂੰ 28 ਲੱਖ ਰੁਪਏ ਕੇਸ ਲੜਨ ਲਈ ਭੇਜੇ ਉਦੋਂ ਇਨ੍ਹਾਂ ਵੱਲੋਂ ਮੇਰੇ ਪੁੱਤਰ ਨੂੰ ਕਿਉਂ ਮਾੜਾ ਨਹੀਂ ਕਿਹਾ ਗਿਆ। ਉਨ੍ਹਾਂ ਅੰਮ੍ਰਿਤਪਾਲ ਨੂੰ ਭਗੌੜਾ ਕਰਾਰ ਦਿੱਤਾ ਅਤੇ ਉਨ੍ਹਾਂ ਦੀ ਪਾਰਟੀ ਨੂੰ ਪਰਿਵਾਰਕ ਪਾਰਟੀ ਦੱਸਿਆ। ਉਨ੍ਹਾਂ ਅੰਮ੍ਰਿਤਪਾਲ ਦਾ ਬਿਨਾਂ ਨਾਂ ਲਏ ਕਿਹਾ ਕਿ ਉਸ ਨੂੰ ਤਾਂ ਜਪੁਜੀ ਸਾਹਿਬ ਦਾ ਪਾਠ ਵੀ ਨਹੀਂ ਕਰਨਾ ਆਉਂਦਾ ਉਹ ਪੰਜਾਬ ਦਾ ਵਾਰਿਸ ਕਿਵੇਂ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਹਰ ਰੋਜ਼ ਆਪਣੇ ਘਰ ਅੰਦਰ ਕੰਧਾਂ ’ਤੇ ਲੱਗੀਆਂ ਆਪਣੇ ਪੁੱਤਰ ਦੀਆਂ ਤਸਵੀਰਾਂ ਨਾਲ ਗੱਲਾਂ ਕਰਦੀ ਹਾਂ ਅਤੇ ਅਜਿਹਾ ਕਰਨ ਲਈ ਵੀ ਜਿਗਰਾ ਚਾਹੀਦਾ ਹੈ।