
ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦਾ ਗੱਲਬਾਤ ਦਾ ਸੱਦਾ ਪ੍ਰਵਾਨ
ਗੱਲਬਾਤ ਲਈ ਤਿੰਨ ਆਗੂਆਂ ਰਾਜੇਵਾਲ, ਸੰਧੂ ਤੇ ਡਾ. ਦਰਸ਼ਨ ਪਾਲ ਦੀ ਚੋਣ ਕੀਤੀ
ਚੰਡੀਗੜ੍ਹ, 12 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਦਿਤਾ ਗਿਆ ਗੱਲਬਾਤ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਅੱਜ ਇਥੇ ਕਿਸਾਨ ਭਵਨ ਵਿਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਲਗਾਤਾਰ 5 ਘੰਟੇ ਚਲੀ ਕਿਸਾਨ ਆਗੂਆਂ ਦੀ ਮੀਟਿੰਗ ਵਿਚ ਸੱਦੇ ਬਾਰੇ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਫ਼ੈਸਲਾ ਕੀਤਾ ਗਿਆ।
ਕੇਂਦਰ ਸਰਕਾਰ ਵਲੋਂ ਖੇਤੀ ਮੰਤਰੀ ਨਰੇਂਦਰ ਤੋਮਰ ਅਤੇ ਰੇਲ ਮੰਤਰੀ ਪਿਊਸ਼ ਗੋਇਲ ਨਾਲ ਵਿਗਿਆਨ ਭਵਨ ਦਿੱਲੀ ਵਿਚ 13 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਗੱਲਬਾਤ ਲਈ ਮੁੱਖ ਤੌਰ 'ਤੇ 3 ਬੁਲਾਰਿਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਕ੍ਰਾਂਤੀਕਾਰ ਕਿਸਾਨ ਯੂਨੀਅਨ ਦੇ ਆਗੂ ਡਾ. ਦਰਸ਼ਨ ਪਾਲ ਸ਼ਾਮਲ ਹਨ। ਪ੍ਰੰਤੂ ਗੱਲਬਾਤ ਸਮੇਂ ਹੋਣ ਵਾਲੀ ਮੀਟਿੰਗ ਵਿਚ ਸਾਰੀਆਂ 30 ਜਥੇਬੰਦੀਆਂ ਦੇ ਪ੍ਰਤੀਨਿਧ ਆਗੂ ਮੌਜੂਦ ਰਹਿਣਗੇ।
ਅੱਜ ਚੰਡੀਗੜ੍ਹ ਵਿਚ ਹੋਈ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨਗੀ ਕਰਨ ਵਾਲੇ ਹਰਮੀਤ ਸਿੰਘ ਕਾਦੀਆ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਮੁੱਖ ਤੌਰ 'ਤੇ ਗੱਲਬਾਤ ਦੌਰਾਨ ਤਿੰਨੇ ਖੇਤੀ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਹਾਲ ਹੀ ਵਿਚ ਪਾਰਟੀ ਜਲਾਉਣ ਵਾਲੇ ਕਿਸਾਨਾਂ ਨੂੰ ਇਕ ਕਰੋੜ ਰੁਪਏ ਜੁਰਮਾਨੇ ਤੇ ਕੈਦ ਦੀ ਸਜ਼ਾ ਦੇ ਆਰਡੀਨੈਂਸ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਭਵਿੱਖ ਵਿਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜੇ ਮੰਤਰੀ ਪੱਧਰ ਦੀ ਮੀਟਿੰਗ ਵਿਚ ਕੋਈ ਠੋਸ ਜਵਾਬ ਨਾ ਮਿਲਿਆ ਤਾਂ ਕਿਸਾਨ ਜਥੇਬੰਦੀਆਂ ਅਪਣੇ ਐਲਾਨੇ ਪ੍ਰੋਗਰਾਮ ਮੁਤਾਬਕ 26 ਤੇ 27 ਨਵੰਬਰ ਨੂੰ ਦਿੱਲੀ ਦੇ ਘਿਰਾਉ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਇਸ ਦਿਨ ਕਿਸਾਨਾਂ ਨੂੰ ਰੈਲੀ ਦੀ ਆਗਿਆ ਨਾ ਦਿਤੇ ਜਾਣਾ ਅਤੀ ਨਿੰਦਣਯੋਗ ਕਦਮ ਹੈ ਪਰ ਕਿਸਾਨ ਲੱਖਾਂ ਦੀ ਗਿਣਤੀ ਵਿਚ 26 ਨਵੰਬਰ ਨੂੰ ਪੂਰੇ ਰਾਸ਼ਨ ਪਾਣੀ ਸਮੇਤ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਪ੍ਰਵਾਰਕ ਮੈਂਬਰਾਂ ਸਣੇ ਦਿੱਲੀ ਦੇ ਘਿਰਾਉ ਲਈ ਕੂਚ ਕਰਦਿਆਂ ਅੱਗੇ ਵਧਣਗੇ। ਜੇ ਕਿਸਾਨਾਂ ਨੂੰ ਹਰਿਆਣਾ ਜਾਂ ਦਿੱਲੀ ਦੀਆਂ ਹੱਦਾਂ 'ਤੇ ਰੋਕਿਆ ਗਿਆ ਤਾਂ ਸੱਭ ਸੜਕਾਂ ਅਣਮਿਥੇ ਸਮੇਂ ਲਈ ਜਾਮ ਕਰ ਕੇ ਮੋਰਚਾ ਲਾ ਦਿਤਾ ਜਾਵੇਗਾ ਜਿਸ ਤੋਂ ਪੈਦਾ ਹੋਣ ਵਾਲੀ ਸਥਿਤੀ ਲਈ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਅੰਦੋਲਨ ਦੀ ਅਗਲੀ ਰਣਨੀਤੀ ਦੀ ਪੂਰੀ ਰੂਪ ਰੇਖਾ ਨੂੰ ਅੰਤਮ ਰੂਪ ਦੇਣ ਲਈ 18 ਨਵੰਬਰ ਨੂੰ ਮੁੜ ਚੰਡੀਗੜ੍ਹ ਵਿਚ ਮੀਟਿੰਗ ਸੱਦੀ ਗਈ ਹੈ।