
ਫ਼ਰਾਂਸ ਵਿਚ ਕੋਰੋਨਾਂ ਕਾਲ 'ਚ ਮਾਰੇ ਗਏ 8 ਅਭਾਗੇ ਨੌਜਵਾਨਾਂ ਦੀਆਂ ਅਸਥੀਆਂ
ਔਰਰ-ਡਾਨ' ਦੇ ਸੰਸਥਾਪਕ ਇਕਬਾਲ ਸਿੰਘ ਭੱਟੀ ਨੇ ਮਾਪਿਆਂ ਨੂੰ ਸੌਂਪੀਆਂ
ਜਲੰਧਰ, 12 ਨਵੰਬਰ (ਇੰਦਰਜੀਤ ਸਿੰਘ ਲਵਲਾ) : ਮਨੁੱਖੀ ਅਧਿਕਾਰਾਂ ਦੀ ਸੰਸਥਾ 'ਔਰਰ-ਡਾਨ' ਦੇ ਸੰਸਥਾਪਕ ਇਕਬਾਲ ਸਿੰਘ ਭੱਟੀ ਬੀਤੇ ਦਿਨ ਫ਼ਰਾਂਸ ਤੋਂ ਅਭਾਗੇ ਭਾਰਤੀ ਨੌਜਵਾਨਾਂ ਅਤੇ ਬੀਬੀਆਂ ਦੀਆਂ ਅਸਥੀਆਂ ਉਨ੍ਹਾਂ ਦੇ ਸਬੰਧਤ ਪ੍ਰਵਾਰਾਂ ਨੂੰ ਸੌਂਪਣ ਵਾਸਤੇ ਉਚੇਚੇ ਤੌਰ 'ਤੇ ਭਾਰਤ ਪਹੁੰਚੇ। ਅੱਜ ਇੱਕ ਪ੍ਰੈਸ ਵਾਰਤਾ ਦੌਰਾਨ ਇਕਬਾਲ ਸਿੰਘ ਭੱਟੀ, ਚੇਅਰਮੈਨ ਮਲਵਿੰਦਰ ਸਿੰਘ ਲੱਕੀ, ਭਗਵਾਨ ਸਿੰਘ ਚੌਹਾਨ, ਕੁਲਵਿੰਦਰ ਸਿੰਘ ਹੀਰਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੋਰੋਨਾ ਕਾਲ ਵੇਲੇ ਜਿਨ੍ਹਾਂ ਤੇਰਾਂ ਅਭਾਗੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਦੀ ਫ਼ਰਾਂਸ ਵਿਚ ਮੌਤ ਹੋ ਗਈ ਸੀ, ਉਨ੍ਹਾਂ ਵਿਚੋਂ ਸਤੀਸ਼ ਕਾਲੜਾ ਅਤੇ ਬਲਬੀਰ ਸਿੰਘ ਦੀਆਂ ਮਿਰਤਕ ਦੇਹਾਂ ਨੂੰ ਤਾਂ ਭਾਰਤ ਭੇਜ ਦਿਤਾ ਗਿਆ ਸੀ, ਜਦਕਿ ਗਿਆਰਾਂ ਜਣਿਆਂ ਦੇ ਸਸਕਾਰ ਫ਼ਰਾਂਸ ਵਸਦੇ ਸਿਖਾਂ ਦੇ ਸਹਿਯੋਗ ਨਾਲ ਮਨੁੱਖੀ ਅਧਿਕਾਰਾਂ ਦੀ ਸੰਸਥਾ 'ਔਰਰ-ਡਾਨ' ਵਲੋਂ ਫ਼ਰਾਂਸ ਦੀਆਂ ਵੱਖੋ-ਵਖ ਸ਼ਮਸ਼ਾਨਘਾਟਾਂ ਵਿਚ ਕਰ ਦਿਤੇ ਗਏ ਸਨ।ਇਨ੍ਹਾਂ ਗਿਆਰਾਂ ਵਿਚੋਂ ਲਵ ਕੁਮਾਰ ਭਾਟੀ ਗਾਜ਼ੀਆਬਾਦ ਦੀਆਂ ਅਸਥੀਆਂ ਪਾਰਸਲ ਰਾਹੀਂ ਅਤੇ ਬਾਕੀ ਦੇ 10 ਜਣਿਆਂ ਦੀਆਂ ਅਸਥੀਆਂ ਇਕ ਨਾਲ ਭਾਰਤ ਪਹੁੰਚ ਗਈਆਂ ਹਨ। ਅੱਜ ਮ੍ਰਿਤਕਾਂ ਦੇ ਮਾਪਿਆਂ ਨੂੰ ਅਸਤੀਆਂ ਸੌਂਪੀਆਂ ਗਈਆਂ। ਸਰਦਾਰ ਭੱਟੀ ਨੇ ਕਿਹਾ ਕਿ ਜਿਹੜੇ ਪ੍ਰਵਾਰ ਜਾਣਕਾਰੀ ਮਿਲਣ ਉਪਰੰਤ ਵੀ ਅਸਥੀਆਂ ਲੈਣ ਵਾਸਤੇ ਅੱਜ ਨਹੀਂ ਪਹੁੰਚੇ, ਉਨ੍ਹਾਂ ਪ੍ਰਵਾਰਾਂ ਦੀ ਚਾਰ ਦਿਨ ਤਕ ਹੋਰ ਉਡੀਕ ਕੀਤੀ ਜਾਵੇਗੀ, ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਜਾ ਕੇ ਪੂਰੀ ਧਾਰਮਕ ਮਰਿਯਾਦਾ ਅਨੁਸਾਰ ਜਲ ਪ੍ਰਵਾਹ ਕਰ ਦਿਤੀਆਂ ਜਾਣਗੀਆਂ।
ਉਨ੍ਹਾਂ ਦਸਿਆ ਕਿ ਸਾਡੀ ਸੰਸਥਾ ਨੇ 2003 ਤੋਂ ਲੈ ਕੇ ਹੁਣ ਤਕ (ਅੱਜ ਵਾਲੀਆਂ ਅੱਠ ਅਸਥੀਆਂ ਮਿਲਾ ਕੇ) ਕੁੱਲ 23 ਮ੍ਰਿਤਕ ਦੇਹਾਂ ਦਾ ਸਸਕਾਰ ਫ਼ਰਾਂਸ ਕਰਵਾ ਕੇ ਉਨ੍ਹਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਹਨ। ਇਸ ਤੋਂ ਇਲਾਵਾ 178 ਮ੍ਰਿਤਕ ਦੇਹਾਂ ਵੀ 2003 ਤੋਂ ਲੈ ਕੇ ਹੁਣ ਤਕ ਭਾਰਤ ਭੇਜੀਆਂ ਹਨ, ਜਿਨ੍ਹਾਂ ਵਿਚੋਂ 79 ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਦਾ ਸਾਰਾ ਖ਼ਰਚਾ ਭਾਰਤ ਦੀ ਅੰਬੈਸੀ ਵਲੋਂ ਕੀਤਾ ਗਿਆ, ਜਦਕਿ ਬਾਕੀ ਦੀਆਂ ਮ੍ਰਿਤਕ ਦੇਹਾਂ ਦਾ ਸਾਰਾ ਖ਼ਰਚਾ ਅਪਣੇ ਸਰੋਤਾਂ ਨਾਲ ਇਕੱਠਾ ਕਰ ਕੇ ਭਾਰਤ ਭੇਜੀਆਂ ਹੋਈਆਂ ਹਨ।
13 ਅਪਾਹਜ ਭਾਰਤੀ ਵਿਅਕਤੀਆਂ ਨੂੰ ਵੀ ਵਾਪਸ ਭਾਰਤ ਭੇਜਣ ਦਾ ਪ੍ਰਬੰਧ ਨੇ ਹੀ ਕੀਤਾ ਹੈ।