
ਟਿਕਰੀ ਬਾਰਡਰ ’ਤੇ ਸ਼ਹੀਦ ਹੋਈਆਂ ਬੀਬੀਆਂ ਦੇ ਪ੍ਰਵਾਰਾਂ ਨੂੰ ਪ੍ਰਸ਼ਾਸਨ
ਮਾਨਸਾ, 12 ਨਵੰਬਰ () : ਟਿਕਰੀ ਬਾਰਡਰ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਸ਼ਹੀਦ ਹੋਈਆਂ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਤਿੰਨ ਬੀਬੀਆਂ ਦੇ ਪਰਵਾਰਾਂ ਨੂੰ ਸਰਕਾਰ ਵਲੋਂ 10-10 ਲੱਖ ਰੁਪਏ ਦੇ ਚੈੱਕ ਦੇਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਨ੍ਹਾਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਦਿਨ ਰਾਤ ਦਾ ਧਰਨਾ ਪਹਿਲੇ ਦਿਨ ਹੀ ਮੰਗਾਂ ਮੰਨਣ ਤੋਂ ਬਾਅਦ ਸਮਾਪਤ ਕਰ ਦਿਤਾ ਗਿਆ।
ਦੱਸ ਦੇਈਏ ਕਿ 28 ਅਕਤੂਬਰ ਨੂੰ ਦਿੱਲੀ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਗਈਆਂ ਪਿੰਡ ਦੀਆਂ ਕਈ ਔਰਤਾਂ ’ਤੇ ਟਿੱਪਰ (ਟਰੱਕ) ਚੜ ਗਿਆ ਸੀ, ਜਿਸ ਕਾਰਨ ਤਿੰਨ ਔਰਤਾਂ ਗੁਰਮੇਲ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ ਸ਼ਹੀਦ ਹੋ ਗਈਆਂ ਸਨ ਜਦਕਿ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸ਼ਹੀਦ ਔਰਤਾਂ ਦੇ ਪਰਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੱਦ ਕਰ ਕੇ ਮੰਗ ਕੀਤੀ ਕਿ ਸਹਾਇਤਾ ਰਾਸ਼ੀ ਘੱਟੋ ਘੱਟ 10-10 ਲੱਖ ਰੁਪਏ ਦਿਤੀ ਜਾਵੇ। ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ ਪਰਵਾਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਪਰਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਜ਼ਖ਼ਮੀ ਬੀਬੀ ਦੇ ਇਲਾਜ ਲਈ ਵੀ ਮੁਆਵਜ਼ਾ ਦਿਤਾ ਜਾਵੇ। ਇਨ੍ਹਾਂ ਮੰਗਾਂ ਲਈ ਧਰਨੇ ਦਾ ਐਲਾਨ ਸ਼ਹੀਦਾਂ ਦੇ ਭੋਗ ਸਮਾਗਮ ਦੌਰਾਨ ਕੀਤਾ ਗਿਆ ਸੀ।
ਧਰਨਾ ਸ਼ੁਰੂ ਹੋਣ ਤੋਂ ਬਾਅਦ ਐਸਐਸਪੀ ਮਾਨਸਾ ਨੇ ਕਿਸਾਨ ਆਗੂਆਂ ਨੂੰ ਅਪਣੇ ਦਫ਼ਤਰ ਬੁਲਾ ਕੇ ਦਸਿਆ ਕਿ ਸਰਕਾਰ ਵਲੋਂ ਮੁਆਵਜ਼ਾ ਰਾਸ਼ੀ ਦੀ ਰਕਮ ਵਧਾ ਕੇ 10 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਐਸਡੀਐਮ ਹਰਜਿੰਦਰ ਸਿੰਘ ਜੱਸੜ ਅਤੇ ਡੀਐਸਪੀ ਹੈੱਡ ਕੁਆਰਟਰ ਸੰਜੀਵ ਗੋਇਲ ਧਰਨਾ ਸਥਾਨ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹੀਦ ਬੀਬੀਆਂ ਦੇ ਪਰਵਾਰਾਂ ਨੂੰ 1010 ਲੱਖ ਰੁਪਏ ਦੇ ਚੈੱਕ ਦਿਤੇ। ਉਨ੍ਹਾਂ ਦਸਿਆ ਕਿ ਪਰਵਾਰਕ ਮੈਂਬਰ ਨੂੰ ਨੌਕਰੀਆਂ ਸਬੰਧੀ ਫਾਇਲਾਂ ਸਰਕਾਰ ਨੂੰ ਭੇਜੀਆਂ ਜਾਣਗੀਆਂ। ਇਸ ਤੋਂ ਇਲਾਵਾ ਕਰਜ਼ਾ ਮੁਆਫ਼ੀ ਸਬੰਧੀ ਸੂਬਾ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ ਅਤੇ ਜ਼ਖ਼ਮੀ ਕਿਸਾਨ ਬੀਬੀ ਦੇ ਇਲਾਜ ਲਈ 3 ਲੱਖ ਰੁਪਏ ਪਰਵਾਰ ਨੂੰ ਜਲਦੀ ਦਿਤੇ ਜਾਣਗੇ। ਕਿਸਾਨਾਂ ਨੇ ਇਸ ਤੋਂ ਬਾਅਦ ਚੇਤਾਵਨੀ ਦਿਤੀ ਕਿ ਜੇਕਰ ਪਰਵਾਰਕ ਮੈਂਬਰਾਂ ਨੂੰ ਨੌਕਰੀ ਲਈ ਜਲਦੀ ਨਿਯੁਕਤੀ ਪੱਤਰ ਜਾ ਭੇਜੇ ਗਏ ਤਾਂ ਧਰਨਾ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ।