
ਸ਼੍ਰੋਮਣੀ ਕਮੇਟੀ ਨੇ ਰਾਜਸਥਾਨ ਦੇ 1830 ਸਿਕਲੀਗਰ ਸਿੱਖ ਪ੍ਰਵਾਰਾਂ ਲਈ ਭੇਜਿਆ ਰਾਸ਼ਨ
ਅੰਮ੍ਰਿਤਸਰ, 12 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਜਸਥਾਨ ’ਚ ਵੱਸਦੇ 1830 ਲੋੜਵੰਦ ਸਿਕਲੀਗਰ ਸਿੱਖ ਪ੍ਰਵਾਰਾਂ ਦੀ ਮਦਦ ਲਈ ਅੱਜ ਰਾਸ਼ਨ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਰਾਸ਼ਨ ਵਾਲੇ 5 ਟਰੱਕਾਂ ਵਿਚ 457 ਕੁਇੰਟਲ ਕਣਕ, 183 ਕੁਇੰਟਲ ਚੌਲ ਅਤੇ 91 ਕੁਇੰਟਲ ਦਾਲਾਂ ,2 ਹਜ਼ਾਰ ਕੰਬਲ ਵੀ ਭੇਜੇ ਗਏ ਹਨ।
ਵਖ-ਵਖ ਸੂਬਿਆਂ ਵਿਚ ਸਿਕਲੀਗਰ ਸਿੱਖ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਜਿਥੇ ਸਕੂਲ ਫ਼ੀਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਨੁਸਾਰ ਰਾਜਸਥਾਨ ਦੇ ਹਨੂੰਮਾਨਗੜ੍ਹ, ਤਹਿਲਵਾਡਾ, ਅਲਵਰ, ਖੈਰਥਲ, ਸ੍ਰੀ ਗੰਗਾਨਗਰ, ਮੁਸਾਨੀ, ਕਿਸ਼ਨਗੜ੍ਹ, ਭਰਤਪੁਰ, ਜੈਪੁਰ ਆਦਿ ਥਾਵਾਂ ’ਤੇ ਰਹਿ ਰਹੇ ਸਿਕਲੀਗਰ ਸਿੱਖ ਪ੍ਰਵਾਰਾਂ ਵਿਚ ਇਹ ਰਾਸ਼ਨ ਵੰਡਿਆ ਜਾਵੇਗਾ। ਆਲ ਇੰਡੀਆ ਰਾਜਸਥਾਨ ਸਿਕਲੀਗਰ ਸਿੱਖ ਸਭਾ ਅਲਵਰ ਵਲੋਂ ਲੋੜਵੰਦਾਂ ਲਈ ਰਾਸ਼ਨ ਦੀ ਮੰਗ ਕੀਤੀ ਗਈ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਮੁੜ ਖੋਲ੍ਹਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੰਗਤ ਦੀ ਆਸਥਾ ਨਾਲ ਜੁੜਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰਤ ਚਾਲੂ ਕੀਤਾ ਜਾਵੇ ਅਤੇ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਹਿਲਕਦਮੀਂ ਕੀਤੀ ਜਾਵੇ। 19 ਨਵੰਬਰ ਨੂੰ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਵਿਸ਼ਵ ਦੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਕੋਰੋਨਾ ਦੌਰਾਨ ਆਰਜ਼ੀ ਤੌਰ ’ਤੇ ਬੰਦ ਕੀਤਾ ਗਿਆ ਲਾਂਘਾ ਹਾਲਾਤ ਸੁਖਾਵੇਂ ਹੋਣ ’ਤੇ ਵੀ ਨਾ ਖੋਲ੍ਹਣਾ ਸੰਗਤ ਦੀ ਸ਼ਰਧਾ ਨੂੰ ਸੱਟ ਹੈ।
ਕੈਪਸ਼ਨ—ਏ ਐਸ ਆਰ ਬਹੋੜੂ— 12—4—ਸਿਕਲੀਗਰ ਸਿੱਖ ਪਰਿਵਾਰਾਂ ਲਈ ਸ੍ਰੀ ਦਰਬਾਰ ਸਾਹਿਬ ਤੋਂ ਰਾਸ਼ਨ ਰਵਾਨਾ ਦੌਰਾਨ ਬੀਬੀ ਜਗੀਰ ਕੌਰ