
ਤਿੰਨ ਜਣਿਆਂ ਨੂੰ ਸੈਕਟਰ-16 ਦੇ ਹਸਪਤਾਲ ਤੋਂ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਜੋ ਇੱਥੇ ਇਲਾਜ ਅਧੀਨ ਹੈ।
ਚੰਡੀਗੜ੍ਹ - ਚੰਡੀਗੜ੍ਹ ਅਤੇ ਮੁਹਾਲੀ 'ਚ ਦੀਵਾਲੀ ਮੌਕੇ ਪਟਾਕਿਆਂ ਕਰ ਕੇ ਹੁਣ ਤੱਕ 81 ਲੋਕ ਜ਼ਖਮੀ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 23 ਜ਼ਖ਼ਮੀ ਚੰਡੀਗੜ੍ਹ ਦੇ ਪੀਜੀਆਈ ਪਹੁੰਚ ਚੁੱਕੇ ਹਨ, ਕੱਲ੍ਹ ਤੋਂ ਸੋਮਵਾਰ ਸਵੇਰੇ 11 ਵਜੇ ਤੱਕ 27 ਜ਼ਖ਼ਮੀ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿਚ ਪਹੁੰਚ ਚੁੱਕੇ ਸਨ। ਮੁਹਾਲੀ ਵਿਚ ਵੀ 31 ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਚੰਡੀਗੜ੍ਹ 'ਚ ਪਟਾਕਿਆਂ ਨਾਲ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵੱਲੋਂ ਅਜੇ ਤੱਕ ਕੋਈ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਤਿਸ਼ਬਾਜ਼ੀ ਦੌਰਾਨ ਜ਼ਖਮੀ ਹੋਏ 10 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚੋਂ ਤਿੰਨ ਜਣਿਆਂ ਨੂੰ ਸੈਕਟਰ-16 ਦੇ ਹਸਪਤਾਲ ਤੋਂ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਜੋ ਇੱਥੇ ਇਲਾਜ ਅਧੀਨ ਹੈ।
ਮੁਹਾਲੀ ਦੇ ਤਿੰਨ ਵਿਅਕਤੀਆਂ ਨੂੰ ਚੰਡੀਗੜ੍ਹ ਰੈਫਰ ਵੀ ਕੀਤਾ ਗਿਆ ਹੈ। ਉਹਨਾਂ ਦਾ ਸੈਕਟਰ-32 ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਹੈ। ਕੁਝ ਜ਼ਖਮੀ ਮਰੀਜ਼ ਪੀਜੀਆਈ ਦੇ ਐਡਵਾਂਸਡ ਟਰਾਮਾ ਸੈਂਟਰ ਅਤੇ ਐਡਵਾਂਸਡ ਆਈ ਸੈਂਟਰ ਵਿਚ ਦਾਖਲ ਹਨ। ਜਿਨ੍ਹਾਂ ਦਾ ਉੱਥੇ ਇਲਾਜ ਚੱਲ ਰਿਹਾ ਹੈ। ਚੰਡੀਗੜ੍ਹ ਪੀਜੀਆਈ ਵਿਚ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਕੁੱਲ 23 ਲੋਕ ਜ਼ਖ਼ਮੀ ਹੋ ਗਏ ਹਨ।
ਇਨ੍ਹਾਂ ਵਿਚ 10 ਪੁਰਸ਼ ਅਤੇ ਪੰਜ ਔਰਤਾਂ ਸ਼ਾਮਲ ਹਨ। ਪੀਜੀਆਈ ਦੇ ਅੰਦਰ 14 ਮਰੀਜ਼ ਟ੍ਰਾਈਸਿਟੀ ਦੇ ਹਨ। ਇਨ੍ਹਾਂ ਵਿਚ ਮੋਹਾਲੀ ਦਾ ਇੱਕ ਅਤੇ ਪੰਚਕੂਲਾ ਦਾ ਵੀ ਇੱਕ ਮਰੀਜ਼ ਸ਼ਾਮਲ ਹੈ। ਇਸ ਤੋਂ ਇਲਾਵਾ ਪੀਜੀਆਈ ਵਿਚ ਪੰਜਾਬ ਤੋਂ 3, ਹਰਿਆਣਾ ਤੋਂ 6 ਅਤੇ ਹਿਮਾਚਲ ਪ੍ਰਦੇਸ਼ ਤੋਂ 2 ਮਰੀਜ਼ ਦਾਖਲ ਹਨ। ਮੁਹਾਲੀ 'ਚ ਜ਼ਖਮੀ ਹੋਏ 31 ਮਰੀਜ਼ਾਂ 'ਚੋਂ ਇਕ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ, ਜਦਕਿ ਦੋ ਦੇ ਪੱਟਾਂ 'ਤੇ ਪਟਾਕਿਆਂ ਕਾਰਨ ਸੱਟਾਂ ਲੱਗੀਆਂ ਹਨ। ਪਟਾਕਿਆਂ ਕਾਰਨ 8 ਲੋਕਾਂ ਦੀਆਂ ਅੱਖਾਂ 'ਤੇ ਸੱਟਾਂ ਲੱਗੀਆਂ ਹਨ ਅਤੇ 20 ਲੋਕਾਂ ਦੇ ਹੱਥ ਸੜ ਗਏ ਹਨ। ਕੁੱਲ ਮਿਲਾ ਕੇ, 21 ਬਾਲਗ ਜ਼ਖਮੀ ਹੋਏ, ਜਦੋਂ ਕਿ ਸੱਤ ਲੜਕੇ ਅਤੇ ਤਿੰਨ ਲੜਕੀਆਂ ਜ਼ਖਮੀ ਹਨ।