
ਸਰਕਾਰ ਨੇ ਰਿਟੇਲ ਮਹਿੰਗਾਈ ਦਰ ਨੂੰ ਦੋ ਫੀ ਸਦੀ ਦੇ ਫਰਕ ਨਾਲ ਚਾਰ ਫੀ ਸਦੀ ’ਤੇ ਰੱਖਣ ਦੀ ਜ਼ਿੰਮੇਵਾਰੀ ਆਰ.ਬੀ.ਆਈ. ਨੂੰ ਦਿਤੀ ਹੈ।
ਨਵੀਂ ਦਿੱਲੀ: ਖੁਰਾਕੀ ਵਸਤਾਂ ਸਸਤੀਆਂ ਹੋਣ ਕਾਰਨ ਅਕਤੂਬਰ ਵਿਚ ਪ੍ਰਚੂਨ ਮਹਿੰਗਾਈ ਦਰ ਨਰਮ ਹੋ ਕੇ 4.87 ਫੀ ਸਦੀ ਦੇ ਚਾਰ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਖਪਤਕਾਰ ਮੁੱਲ ਸੂਚਕ ਅੰਕ ਆਧਾਰਤ ਪ੍ਰਚੂਨ ਮਹਿੰਗਾਈ ਸਤੰਬਰ ’ਚ 5.02 ਫੀ ਸਦੀ ਦੇ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਰਹੀ ਸੀ।
ਇਸ ਤੋਂ ਪਹਿਲਾਂ ਜੂਨ ’ਚ ਮਹਿੰਗਾਈ ਦਰ 4.87 ਫੀ ਸਦੀ ਦਰਜ ਕੀਤੀ ਗਈ ਸੀ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਨੇ ਅਪਣੀ ਅਕਤੂਬਰ ਦੀ ਮੀਟਿੰਗ ’ਚ ਮੌਜੂਦਾ ਵਿੱਤੀ ਸਾਲ 2023-24 ’ਚ ਪ੍ਰਚੂਨ ਮਹਿੰਗਾਈ ਦਰ 5.4 ਫੀ ਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ। ਇਹ 2022-23 ’ਚ 6.7 ਫੀਸਦੀ ਤੋਂ ਘੱਟ ਹੈ। ਸਰਕਾਰ ਨੇ ਰਿਟੇਲ ਮਹਿੰਗਾਈ ਦਰ ਨੂੰ ਦੋ ਫੀ ਸਦੀ ਦੇ ਫਰਕ ਨਾਲ ਚਾਰ ਫੀ ਸਦੀ ’ਤੇ ਰੱਖਣ ਦੀ ਜ਼ਿੰਮੇਵਾਰੀ ਆਰ.ਬੀ.ਆਈ. ਨੂੰ ਦਿਤੀ ਹੈ। ਕੇਂਦਰੀ ਬੈਂਕ ਦੋ ਮਹੀਨਾਵਾਰ ਮੁਦਰਾ ਨੀਤੀ ’ਤੇ ਵਿਚਾਰ ਕਰਦੇ ਹੋਏ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਵੇਖਦਾ ਹੈ।