ਮਲੇਸ਼ੀਆ ਅਧਾਰਤ ਤਿੰਨ ਕਾਰਕੁੰਨਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਮੁਲਜ਼ਮ: ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ/ਲੁਧਿਆਣਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਵਿੱਚ, ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ੀ ਹੈਂਡਲਰਾਂ ਦੇ 10 ਮੁੱਖ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰਕੇ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਸਮਰਥਿਤ ਗ੍ਰਨੇਡ ਹਮਲਾ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ, ਸ਼ੇਖਰ ਸਿੰਘ ਅਤੇ ਅਜੈ ਸਿੰਘ ਉਰਫ ਅਜੈ ਵਜੋਂ ਹੋਈ ਹੈ, ਸਾਰੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ। ਜਦੋਂ ਕਿ ਅਮਰੀਕ ਸਿੰਘ, ਪਰਮਿੰਦਰ ਉਰਫ਼ ਚਿੜੀ, ਵਿਜੇ, ਸੁਖਜੀਤ ਸਿੰਘ ਉਰਫ਼ ਸੁੱਖ ਬਰਾੜ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਉਰਫ਼ ਵਿੱਕੀ ਅਤੇ ਸਾਜਨ ਕੁਮਾਰ ਉਰਫ਼ ਸੰਜੂ ਨੂੰ ਕੋਰੀਅਰ ਅਤੇ ਮਦਦਗਾਰ ਦੀ ਭੂਮਿਕਾ ਨਿਭਾਉਣ ਲਈ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਗਿਆ ਹੈ। ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਇੱਕ 86ਪੀ ਚਾਈਨੀਜ਼ ਹੈਂਡ ਗ੍ਰਨੇਡ, ਇੱਕ ਕਾਲੀ ਕਿੱਟ ਅਤੇ ਦਸਤਾਨਿਆਂ ਦਾ ਇੱਕ ਸੈੱਟ ਵੀ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ, ਮਲੇਸ਼ੀਆ ਸਥਿਤ ਤਿੰਨ ਕਾਰਕੰੁਨਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਤਾਂ ਜੋ ਹੈਂਡ ਗ੍ਰੇਨੇਡ ਪ੍ਰਾਪਤ ਕਰਨ ਅਤੇ ਡਿਲੀਵਰ ਕਰਨ ਲਈ ਤਾਲਮੇਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੈਂਡਲਰਾਂ ਦੁਆਰਾ ਸੂਬੇ ਵਿੱਚ ਅਸ਼ਾਂਤੀ ਫੈਲਾਉਣ ਲਈ ਆਬਾਦੀ ਵਾਲੇ ਖੇਤਰ ਵਿੱਚ ਗ੍ਰਨੇਡ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ- ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀ.ਪੀ) ਲੁਧਿਆਣਾ ਸਵਪਨ ਸ਼ਰਮਾ ਨੇ ਕਿਹਾ ਕਿ ਭਰੋਸੇਯੋਗ ਖੁਫੀਆ ਇਤਲਾਹ `ਤੇ ਕਾਰਵਾਈ ਕਰਦੇ ਹੋਏ, ਸ਼ੱਕੀ ਕੁਲਦੀਪ ਸਿੰਘ, ਸ਼ੇਖਰ ਸਿੰਘ ਅਤੇ ਅਜੈ ਸਿੰਘ ਉਰਫ਼ ਅਜੈ ਵਿਰੁੱਧ ਪੁਲਿਸ ਸਟੇਸ਼ਨ ਜੋਧੇਵਾਲ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਮੁਸਤੈਦ ਅਤੇ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਡੀਸੀਪੀ (ਜਾਂਚ) ਅਤੇ ਡੀਸੀਪੀ (ਸਦਰ) ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ ,ਜਿੰਨਾਂ ਨੇ ਤਿੰਨਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ।
ਉਨ੍ਹਾਂ ਕਿਹਾ ਕਿ ਹੋਰ ਜਾਂਚ ਵਿੱਚ ਵਿਦੇਸ਼ੀ ਮਾਸਟਰਮਾਈਂਡ ਮਲੇਸ਼ੀਆ-ਅਧਾਰਤ ਅਜੈ ਉਰਫ਼ ਅਜੈ ਮਲੇਸ਼ੀਆ, ਜੱਸ ਬਹਿਬਲ ਅਤੇ ਪਵਨਦੀਪ ਦੀ ਪਛਾਣ ਕੀਤੀ ਗਈ ਹੈ। ਇਹ ਵਿਅਕਤੀ ਵਿਦੇਸ਼ਾਂ ਵਿੱਚ ਇਕੱਠੇ ਰਹਿੰਦੇ ਹਨ ਅਤੇ ਸਥਾਨਕ ਮਦਦਗਾਰ ਅਮਰੀਕ ਸਿੰਘ ਅਤੇ ਪਰਮਿੰਦਰ ਉਰਫ਼ ਚਿੜੀ ਦੇ ਸੰਪਰਕ ਵਿੱਚ ਸਨ, ਜੋ ਦੋਵੇਂ ਪਹਿਲਾਂ ਉਨ੍ਹਾਂ ਲਈ ਨਸ਼ਾ ਤਸਕਰੀ ਦੇ ਕੰਮ ਕਰਦੇ ਸਨ।
ਸੀਪੀ ਨੇ ਕਿਹਾ ਕਿ ਜਾਂਚ ਦੌਰਾਨ, ਅਜੈ (ਮਲੇਸ਼ੀਆ) ਦੇ ਭਰਾ ਵਿਜੇ, ਜੋ ਕਿ ਵਪਾਰਕ ਮਾਤਰਾ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਗੰਗਾਨਗਰ ਜੇਲ੍ਹ ਵਿੱਚ ਬੰਦ ਸੀ, ਨੂੰ ਵੀ ਇਸ ਮਾਮਲੇ ਵਿੱਚ ਇੱਕ ਮਦਦਗਾਰ ਵਜੋਂ ਭੂਮਿਕਾ ਨਿਭਾਉਣ ਲਈ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਦੇ ਸਿੱਟੇ ਵਜੋਂ ਸਥਾਨਕ ਨੈੱਟਵਰਕ ,ਜਿਸ ਵਿੱਚ ਮੁਲਜ਼ਮਾਂ ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਅਤੇ ਸਾਜਨ ਉਰਫ਼ ਸਾਨੂ ਸ਼ਾਮਲ ਹਨ ਦਾ ਵੀ ਖੁਲਾਸਾ ਹੋਇਆ ਹੈ ,ਜਿਨ੍ਹਾਂ ਨੇ ਪੰਜਾਬ ਵਿੱਚ ਹੈਂਡ ਗ੍ਰਨੇਡ ਦੀ ਡਿਲੀਵਰੀ ਦੇਣ ਵਿੱਚ ਮਦਦ ਕੀਤੀ ਸੀ।
ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਧਾਰਾਂ ਲਗਾਈਆਂ ਗਈਆਂ ਹਨ ਅਤੇ ਵਿਦੇਸ਼ਾਂ ਤੋਂ ਕੰਮ ਕਰ ਰਹੇ ਮੁਲਜ਼ਮਾਂ ਵਿਰੁੱਧ ਰੈੱਡ ਕਾਰਨਰ ਨੋਟਿਸ (ਆਰ.ਸੀ.ਐਨ.) ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ, ਪੁਲਿਸ ਸਟੇਸ਼ਨ ਜੋਧੇਵਾਲ ਵਿਖੇ 27.10.2025 ਨੂੰ ਵਿਸਫੋਟਕ ਐਕਟ ਦੀ ਧਾਰਾ 3, 4, 5 ਅਤੇ ਬੀਐਨਐਸ ਦੀ ਧਾਰਾ 113 ਤਹਿਤ ਐਫਆਈਆਰ ਨੰਬਰ 150 ਅਧੀਨ ਕੇਸ ਪਹਿਲਾਂ ਹੀ ਦਰਜ ਹੈ।
