ਜਨਰਲ ਹੁੱਡਾ ਨੇ ਜਾਣ ਕੇ ਟੱਕਰ ਮਾਰਨ ਦਾ ਲਾਇਆ ਆਰੋਪ, ਡੀਜੀਪੀ ਗੌਰਵ ਯਾਦਵ ਨੇ ਕਾਰਵਾਈ ਦਾ ਦਿੱਤਾ ਭਰੋਸਾ
ਜ਼ੀਰਕਪੁਰ : ਮੋਹਾਲੀ ਦੇ ਜ਼ੀਰਕਪੁਰ ਫਲਾਈਓਵਰ ’ਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ ਦੀ ਕਾਰ ਨੂੰ ਵੀ.ਆਈ.ਪੀ ਕਾਫਲੇ ਵਿੱਚ ਸ਼ਾਮਲ ਪੰਜਾਬ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਜਦਕਿ ਹੁੱਡਾ ਨੇ ਆਰੋਪ ਲਗਾਇਆ ਕਿ ਇਹ ਟੱਕਰ ਜਾਣਬੁੱਝ ਕੇ ਮਾਰੀ ਗਈ ਸੀ। ਜਨਰਲ ਹੁੱਡਾ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਪਤਨੀ ਹਾਦਸੇ ਵਿੱਚ ਵਾਲ-ਵਾਲ ਬਚ ਗਏ, ਪਰ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਟੈਗ ਕੀਤਾ ਅਤੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ। ਜਦਕਿ ਜ਼ੀਰਕਪੁਰ ਦੀ ਏੇੇ.ਐਸ.ਪੀ ਗਜ਼ਲਪ੍ਰੀਤ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਜਨਰਲ ਹੁੱਡਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਸ਼ਾਮ 4 ਵਜੇ ਉਹ ਆਪਣੀ ਪਤਨੀ ਨਾਲ ਜ਼ੀਰਕਪੁਰ ਫਲਾਈਓਵਰ ’ਤੇ ਗੱਡੀ ਚਲਾ ਰਿਹਾ ਸੀ। ਅੰਬਾਲਾ ਵੱਲ ਜਾ ਰਹੇ ਵੀ.ਆਈ.ਪੀ. ਕਾਫਲੇ ਨੂੰ ਏਸਕੌਰਟ ਕਰ ਰਹੀਆਂ ਦੋ ਪੰਜਾਬ ਪੁਲਿਸ ਦੀਆਂ ਗੱਡੀਆਂ ਪਿੱਛੇ ਤੋਂ ਆਈਆਂ। ਹੁੱਡਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਗੱਡੀ ਨੂੰ ਲੰਘਾਉਣ ਲਈ ਆਪਣੀ ਗੱਡੀ ਹੌਲੀ ਕਰ ਦਿੱਤੀ। ਜਦਕਿ ਜ਼ਿਆਦਾ ਆਵਾਜਾਈ ਕਾਰਨ ਵੀ.ਆਈ.ਪੀ. ਗੱਡੀ ਨੂੰ ਲੰਘਣ ’ਚ ਲਗਭਗ ਤਿੰਨ ਸਕਿੰਟ ਜ਼ਿਆਦਾ ਸਮਾਂ ਲੱਗ ਗਿਆ। ਜਿਸ ਕਾਰਨ ਐਸਕਾਰਟ ਜੀਪ ਦੇ ਡਰਾਈਵਰ ਨੂੰ ਗੁੱਸਾ ਆਇਆ ਅਤੇ ਉਸ ਨੇ ਜਾਣਬੁੱਝ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਮਾਰਨ ਤੋਂ ਬਾਅਦ ਜੀਪ ਚਾਲਕ ਬਿਨਾਂ ਰੁਕੇ ਤੇਜ਼ ਰਫ਼ਤਾਰ ਨਾਲ ਗੱਡੀ ਨੂੰ ਭਜਾ ਕੇ ਲੈ ਗਿਆ। ਇਹ ਪੂਰੀ ਤਰ੍ਹਾਂ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਸੀ। ਨਾ ਸਿਰਫ਼ ਵਾਹਨ ਨੂੰ ਨੁਕਸਾਨ ਪਹੁੰਚਿਆ ਸਗੋਂ ਭੀੜ ਭੜੱਕੇ ਵਾਲੀ ਸੜਕ ’ਤੇ ਉਨ੍ਹਾਂ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਨਰਲ ਹੁੱਡਾ ਨੇ ਲਿਖਿਆ ਕਿ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਵੱਲੋਂ ਕੀਤੀ ਗਈ ਅਜਿਹੀ ਲਾਪਰਵਾਹੀ ਵਰਦੀ ਅਤੇ ਪੂਰੇ ਵਿਭਾਗ ਦੀ ਸਾਖ ਨੂੰ ਢਾਹ ਲਗਾਉਂਦੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
ਉਧਰ ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਇਸ ਘਟਨਾ ’ਤੇ ਐਕਸ਼ਨ ਲੈਂਦੇ ਹੋਏ ਜਨਰਲ ਹੁੱਡਾ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਵੱਲੋਂ ਪੁਲਿਸ ਵੱਲੋਂ ਮੁਲਾਜ਼ਮਾਂ ਵੱਲੋਂ ਵਰਤੋਂ ਗਈ ਲਾਪਰਵਾਹੀ ’ਤੇ ਇਤਰਾਜ਼ ਪ੍ਰਗਟਾਇਆ ਅਤੇ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਖਿਲਾਫ਼ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
