
'ਲੰਗਰ' ਸ਼ਬਦ ਦੀ ਸਹੀ ਅਤੇ ਸਤਿਕਾਰ ਸਹਿਤ ਵਰਤੋਂ ਦੀ ਅਪੀਲ
ਮੀਡੀਆ ਵਲੋਂ 'ਜੁੱਤੀਆਂ ਦਾ ਲੰਗਰ', 'ਜਿਮ ਦਾ ਲੰਗਰ' ਕਿਹਾ ਜਾਣਾ ਹੈਰਾਨੀਜਨਕ : ਪ੍ਰਵੇਸ਼ ਸ਼ਰਮਾਚੰਡੀਗੜ੍ਹ, 12 ਦਸੰਬਰ (ਨੀਲ ਭਲਿੰਦਰ ਸਿੰਘ): ਵਿਵਾਦਤ
ਖੇਤੀ ਕਾਨੂੰਨਾਂ ਵਿਰੁਧ ਕਿਸਾਨ ਸੰਘਰਸ਼ ਦੀ ਪੰਜਾਬੀ ਟੈਲੀਵਿਜ਼ਨ ਖ਼ਾਸਕਰ ਪੰਜਾਬੀ ਸੋਸ਼ਲ ਮੀਡੀਆ ਵਲੋਂ ਵੱਡੇ ਅਤੇ ਵਿਆਪਕ ਪੱਧਰ 'ਤੇ ਮਹਾਂ ਕਵਰੇਜ ਕੀਤੀ ਜਾ ਰਹੀ ਹੈ। ਪਰ ਇਸ ਦੌਰਾਨ ਖ਼ਬਰਾਂ ਦੇ ਘੜਮੱਸ ਵਿਚ ਪੰਜਾਬੀ ਭਾਸ਼ਾ ਦੀਆਂ ਲਗਾਤਾਰ ਧੱਜੀਆਂ ਉਡਾਈਆਂ ਜਾਣੀਆਂ ਵੀ ਜਾਰੀ ਹਨ ਜਿਸ ਦੀ ਪ੍ਰਤੱਖ ਮਿਸਾਲ ਪਿਛਲੇ ਦਿਨੀਂ ਕਿਸਾਨ ਮੋਰਚੇ ਵਿਚ ਸੰਘਰਸ਼ਸ਼ੀਲ ਲੋਕਾਂ ਨੂੰ ਸਮਾਜ ਸੇਵੀਆਂ ਦੁਆਰਾ ਪੈਰਾਂ ਵਿ ਪਾਉਣ ਲਈ ਜੋੜੇ ਮੁਹਈਆ ਕਰਵਾਏ ਜਾ ਰਹੇ ਹੋਣ ਨੂੰ ਮੀਡੀਆ ਦੇ ਇਕ ਵੱਡੇ ਹਿੱਸੇ ਵਲੋਂ ਜੁੱਤੀਆਂ ਦਾ ਲੰਗਰ ਲਾਉਣਾ ਕਹਿ ਕੇ ਸੰਬੋਧਨ ਕੀਤਾ ਗਿਆ।
ਆਲ ਇੰਡੀਆ ਰੇਡੀਉ ਦੇ ਸਮਾਚਾਰ ਸੰਪਾਦਕ ਰਹੇ ਤੇ ਉਘੇ ਭਾਸ਼ਾ ਮਾਹਰ ਪ੍ਰਵੇਸ਼ ਸ਼ਰਮਾ ਨੇ ਇਸ 'ਤੇ ਬੜੀ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲ ਕਰਦੇ ਹੋਏ ਕਿਹਾ ਕਿ 'ਲੰਗਰ' ਸ਼ਬਦ ਅਪਣੇ ਆਪ ਵਿਚ ਨਾਂਅ ਹੈ ਜਿਸ ਨਾਲ 'ਸੁੱਟਣਾ' ਅਤੇ 'ਲਗਾਉਣਾ' 'ਵਰਤਾਉਣਾ' ਜਾਂ 'ਛਕਣਾ' ਵਰਗੀਆਂ ਕਿਰਿਆਵਾਂ ਦਾ ਪ੍ਰਯੋਗ ਹੁੰਦਾ ਹੈ। ਲੰਗਰ ਸੁੱਟਣਾ ਸਮੁੰਦਰੀ ਜਹਾਜ਼ ਨਾਲ ਸਬੰਧਤ ਹੈ ਜਦੋਂ ਕਿ ਲੰਗਰ ਲਗਾਉਣ, ਵਰਤਾਉਣ ਅਤੇ ਛਕਣ ਪਿੱਛੇ ਪੰਜਾਬ ਦੀ ਇਕ ਮੁਕੱਦਸ ਅਤੇ ਸਰਬੱਤ ਦੇ ਭਲੇ ਦੀ ਪ੍ਰੰਪਰਾ ਹੈ ਜਿਸ ਨੂੰ ਬਾਬੇ ਨਾਨਕ ਨੇ ਸ਼ੁਰੂ ਕੀਤਾ ਅਤੇ ਫਿਰ ਅੱਗੋਂ ਉਸੇ ਭਾਵਨਾ ਨਾਲ ਬਾਕੀ ਗੁਰੂ ਸਾਹਿਬਾਨ ਨੇ ਪ੍ਰਵਾਨ ਚੜ੍ਹਾਇਆ। ਅੱਜ ਤਕ ਇਸ ਪ੍ਰੰਪਰਾ ਨੂੰ ਦੁਨੀਆਂ ਭਰ ਵਿਚ ਪੂਰੀ ਸ਼ਰਧਾ ਨਾਲ ਨਿਭਾਇਆ ਜਾ ਰਿਹਾ ਹੈ। ਇਸ ਗੱਲ ਵਿਚ ਕੋਈ ਸੰਦੇਹ ਨਹੀਂ ਕਿ ਲੰਗਰ ਦਾ ਸਬੰਧ ਜ਼ਿਆਦਾਤਰ ਭੋਜਨ ਨਾਲ ਹੀ ਹੈ। ਪਰ ਅੱਜਕਲ ਦਿੱਲੀ ਕਿਸਾਨ ਧਰਨਿਆਂ ਦੀ ਕਵਰੇਜ ਕਰਨ ਵਾਲੇ ਟੀ ਵੀ ਰੀਪੋਰਟਰ ਤਾਂ ਜਿਵੇਂ ਅਕਲ ਦੇ ਮਗਰ ਡੰਡਾ ਲਈ ਬਹੁਤ ਹੀ ਮੂਰਖ਼ਤਾਪੂਰਨ ਢੰਗ ਨਾਲ ਇਸ ਸ਼ਬਦ ਦੀ ਵਰਤੋਂ ਕਰ ਰਹੇ ਹਨ।
ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਜਿਥੇ ਆਸਾਨੀ ਨਾਲ 'ਇੰਤਜ਼ਾਮ' ਸ਼ਬਦ ਦੀ ਵਰਤੋਂ ਹੋ ਸਕਦੀ ਹੈ ਉੱਥੇ ਵੀ ਅੰਨ੍ਹੇਵਾਹ 'ਲੰਗਰ' ਸ਼ਬਦ ਦੀ ਵਰਤੋਂ ਹੋ ਰਹੀ ਹੈ। ਮਸਲਨ ਕਿਸੇ ਨੇ ਕਿਸਾਨਾਂ ਲਈ ਦਵਾਈਆਂ ਦਾ ਪ੍ਰਬੰਧ ਕਰ ਦਿਤਾ ਤਾਂ 'ਦਵਾਈਆਂ ਦਾ ਲੰਗਰ', ਕਿਸੇ ਨੇ ਮੌਕੇ 'ਤੇ ਹੀ ਨੌਜਵਾਨਾਂ ਲਈ ਕਸਰਤ ਦਾ ਇੰਤਜ਼ਾਮ ਕੀਤਾ ਤਾਂ 'ਜਿਮ ਦਾ ਲੰਗਰ'।
ਪ੍ਰਵੇਸ਼ ਸ਼ਰਮਾ ਨੇ ਕਿਹਾ ਕਿ ਕਲ ਤਾਂ ਹੱਦ ਹੀ ਹੋ ਗਈ ਜਦੋਂ ਮਾਝੇ ਵਾਲੇ ਪਾਸਿਉਂ ਮੁਜ਼ਾਹਰਾਕਾਰੀਆਂ ਲਈ ਜੋੜਿਆਂ ਦਾ ਇਕ ਟਰੱਕ ਆਇਆ ਤਾਂ ਉਸ ਦੀ ਕਵਰੇਜ ਕਰਨ ਵਾਲਾ ਫ਼ੀਲਡ ਰੀਪੋਰਟਰ 'ਜੁੱਤੀਆਂ ਦਾ ਲੰਗਰ' ਸ਼ਬਦ ਵਾਰ ਵਾਰ ਹਰ ਖ਼ਬਰ ਵਿਚ ਦੁਹਰਾਈ ਜਾ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਸਟੂਡੀਉ ਤੋਂ ਉਸ ਨਾਲ ਜੁੜੇ ਸੰਪਾਦਕ ਨੇ imageਵੀ ਉਸ ਨੂੰ ਨਹੀਂ ਟੋਕਿਆ।