
ਲੰਡਨ ਵਿਚ 21ਵੀਂ ਸਦੀ ਦੇ ਆਈਕਨ ਐਵਾਰਡ ਨਾਲ ਹੋਏ ਸਨਮਾਨਤ
ਨਵੀਂ ਦਿੱਲੀ, 12 ਦਸੰਬਰ : ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਲੰਡਨ ਵਿਚ 21ਵੀਂ ਸਦੀ ਦੇ ਆਈਕਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਦਰਅਸਲ ਲੰਡਨ ਦੀ ਇਹ ਕੰਪਨੀ ਹਰ ਸਾਲ ਵਿਸ਼ਵ ਪੱਧਰ ’ਤੇ ਵੱਡੀ ਸ਼ਖ਼ਸੀਅਤ ਨੂੰ ਐਵਾਰਡ ਦੇ ਕੇ ਸਨਮਾਨਤ ਕਰਦੀ ਹੈ। ਇਸ ਵਾਰ ਇਸ ਐਵਾਰਡ ਲਈ ਰਾਕੇਸ਼ ਟਿਕੈਤ ਦਾ ਨਾਮ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਇਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਦਸਣਯੋਗ ਹੈ ਕਿ ਰਾਕੇਸ਼ ਟਿਕੈਤ ਨੂੰ ਇਹ ਐਵਾਰਡ ਲੰਡਨ ਸਥਿਤ ਬਰਤਾਨੀਆ ਦੇ ਸਕੁਏਅਰ ਵਾਟਰਮੇਲਨ ਆਫ਼ ਬਿ੍ਰਟੇਨ ਵਲੋਂ ਕਿਸਾਨ ਅੰਦੋਲਨ ਵਿਚ ਜੋਸ਼ ਭਰਨ ਲਈ ਦਿਤਾ ਗਿਆ। ਇਹ ਐਵਾਰਡ ਦੇਣ ਦਾ ਕੰਮ ਸਾਲ 2017 ਵਿਚ ਸੁਰੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 4 ਭਾਰਤੀਆਂ ਨੂੰ 21ਵੀਂ ਸਦੀ ਦੇ ਆਈਕਨ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਨਾਲ-ਨਾਲ ਬਾਕੀ ਕਈ ਮੰਗਾਂ ਮੰਨੇ ਜਾਣ ਤੋਂ ਬਾਅਦ ਕਿਸਾਨਾਂ ਨੇ ਅਪਣਾ ਅੰਦੋਲਨ ਵਾਪਸ ਲੈ ਲਿਆ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰ ਸਰਕਾਰ ਵਿਚਾਲੇ ਕਈ ਮੁੱਦਿਆਂ ’ਤੇ ਸਹਿਮਤੀ ਬਣਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਨਿਚਰਵਾਰ ਸਵੇਰੇ ਤੋਂ ਦਿੱਲੀ ਦੀਆਂ ਸਰਹੱਦਾਂ ਤੋਂ ਰਵਾਨਾ ਹੋਣੀਆਂ ਸ਼ੁਰੂ ਹੋ ਗਈਆਂ ਸਨ ਤੇ ਪੰਜਾਬ ਪਹੁੰਚ ਰਹੀਆਂ ਹਨ। (ਏਜੰਸੀ)