
ਸ਼ਹੀਦੀ ਸਭਾ ਦੌਰਾਨ ਸਾਦੇ ਲੰਗਰ ਲਗਾਉਣ ਨੂੰ ਦਿਤੀ ਜਾਵੇ ਤਰਜੀਹ : ਪੰਜੋਲੀ, ਚੀਮਾ
ਫ਼ਤਿਹਗੜ੍ਹ ਸਾਹਿਬ, 12 ਦਸੰਬਰ (ਸਵਰਨਜੀਤ ਸਿੰਘ ਸੇਠੀ/ਰਾਜਿੰਦਰ ਸਿੰਘ ਭੱਟ/ਗੁਰਬਚਨ ਸਿੰਘ ਰੁਪਾਲ) : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਚ ਲੰਗਰ ਕਮੇਟੀਆਂ ਨਾਲ ਰੱਖੀ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ, ਮੈਨੇਜਰ ਭਗਵੰਤ ਸਿੰਘ ਤੋਂ ਇਲਾਵਾ ਐਸ.ਡੀ.ਐਮ ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ ਅਤੇ ਕਪਤਾਨ ਪੁਲਿਸ ਰਮਿੰਦਰ ਸਿੰਘ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਲੰਗਰ ਕਮੇਟੀਆਂ ਨੂੰ ਸਾਦੇ ਲੰਗਰ ਲਗਾਉਣ ਦੀ ਅਪੀਲ ਕੀਤੀ | ਉਨ੍ਹਾਂ ਲੰਗਰ ਕਮੇਟੀਆਂ ਨੂੰ ਲੰਗਰਾਂ ਵਿਚ ਪਲਾਸਟਿਕ ਅਤੇ ਡਿਸਪੋਜ਼ਲ ਬਰਤਨਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦਿਆ ਕਲੋਰੀਨ ਯੁਕਤ ਪਾਣੀ ਵਰਤਣ ਦੀ ਗੱਲ ਆਖੀ |
ਸ੍ਰੀ ਅਟਵਾਲ ਨੇ ਦੱਸਿਆ ਕਿ ਲੰਗਰਾਂ ਲਈ ਰਾਸ਼ਨ ਅਤੇ ਦੁੱਧ ਆਦਿ ਰਾਤ 10 ਵਜੇ ਤੋਂ ਸਵੇਰੇ 10 ਵਜੇ ਤੱਕ ਲਿਆਂਦਾ ਜਾ ਸਕਦਾ ਹੈ ਅਤੇ ਸਿਵਲ ਸਰਜਨ ਦੀ ਪ੍ਰਵਾਨਗੀ ਤੋਂ ਬਿਨਾਂ ਮੈਡੀਕਲ ਕੈਂਪ ਨਹੀਂ ਲਗਾਏ ਜਾ ਸਕਦੇ | ਉਨ੍ਹਾਂ ਟਰੈਕਟਰ-ਟਰਾਲੀਆਂ 'ਤੇ ਉੱਚੀ ਆਵਾਜ਼ ਵਿਚ ਸਪੀਕਰ ਨਾ ਚਲਾਉਣ ਅਤੇ ਸਫ਼ਾਈ ਆਦਿ ਦਾ ਧਿਆਨ ਰੱਖਣ ਦੀ ਵੀ ਅਪੀਲ ਕੀਤੀ | ਉਨ੍ਹਾਂ ਲੰਗਰਾਂ ਵਿਚ ਪੀ.ਐਸ.ਪੀ.ਸੀ.ਐਲ ਵੱਲੋਂ ਬਿਜਲੀ ਦਾ ਕੁਨੈਕਸ਼ਨ ਜ਼ਰੂਰ ਲੈਣ ਦੀ ਅਪੀਲ ਕੀਤੀ ਅਤੇ ਸਪੱਸ਼ਟ ਕੀਤਾ ਕਿ ਸ਼ਹੀਦੀ ਸਭਾ ਦੌਰਾਨ ਭੰਗ ਦੇ ਪਕੌੜੇ ਜਾਂ ਭੰਗ ਪੀਣ ਦੇ ਸਟਾਲ ਨਹੀਂ ਲਗਾਏ ਜਾ ਸਕਦੇ | ਕਪਤਾਨ ਪੁਲੀਸ (ਜਾਂਚ) ਰਮਿੰਦਰ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਚੈਕ ਪੋਸਟ ਅਤੇ 5 ਪੁੱਛਗਿੱਛ ਕੇਂਦਰ ਬਣਾਏ ਜਾਣਗੇ | ਉਨ੍ਹਾਂ ਲੰਗਰ ਕਮੇਟੀਆਂ ਨੂੰ ਸੜਕ ਤੋਂ 10 ਫੁੱਟ ਪਿੱਛੇ ਹਟ ਕੇ ਲੰਗਰ ਲਗਾਉਣ ਅਤੇ ਸੜਕਾਂ ਦੇ ਆਲੇ-ਦੁਆਲੇ ਟਰੈਕਟਰ-ਟਰਾਲੀਆਂ ਨਾ ਖੜ੍ਹਾਉਣ ਦੀ ਅਪੀਲ ਕੀਤੀ | ਜਥੇ: ਪੰਜੋਲੀ ਨੇ ਸ਼ਹੀਦੀ ਸਭਾ ਦੌਰਾਨ ਸਫ਼ਾਈ ਆਦਿ ਦਾ ਵਿਸ਼ੇਸ ਧਿਆਨ ਰੱਖਣ ਦੀ ਜਿੱਥੇ ਅਪੀਲ ਕੀਤੀ ਉੱਥੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੰਗਰ ਕਮੇਟੀਆਂ ਨੂੰ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ | ਜ਼ਿਲਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਸਮੂਹ ਲੰਗਰ ਕਮੇਟੀਆਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਇਸ ਮੌਕੇ ਡੀ.ਐਸ.ਪੀ ਸੁਖਬੀਰ ਸਿੰਘ, ਗੁਰਬੰਸ ਸਿੰਘ ਬੈਂਸ, ਕਾਰਜ ਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਤੋਂ ਇਲਾਵਾ ਗੁਰਦੁਆਰਾ ਸਾਹਿਬ ਦਾ ਸਟਾਫ਼ ਵੀ ਹਾਜ਼ਰ ਸੀ |
11
ਫ਼ੋਟੋ ਕੈਪਸਨ: ਫ਼ੋਟੋ: ਸੇਠੀ