
RTI ਵਿਚ ਹੋਇਆ ਖ਼ੁਲਾਸਾ
BBMB ਦੀਆਂ ਕੁੱਲ 2865 ਅਸਾਮੀਆਂ 'ਚੋਂ 1341 ਖ਼ਾਲੀ
ਸ਼ਾਹਪੁਰ ਕੰਡੀ ਡੈਮ ਦੀਆਂ ਕੁੱਲ 2126 ਵਿਚੋਂ ਖ਼ਾਲੀ ਹਨ 561 ਅਸਾਮੀਆਂ
ਮੋਹਾਲੀ : ਸ਼ਾਹਪੁਰ ਕੰਡੀ ਡੈਮ ਅਤੇ BBMB 'ਚ ਵੱਡੀ ਗਿਣਤੀ ਵਿਚ ਅਸਾਮੀਆਂ ਖ਼ਾਲੀ ਪਈਆਂ ਹਨ। ਇਸ ਦਾ ਖ਼ੁਲਾਸਾ ਇੱਕ ਆਰ.ਟੀ.ਆਈ. ਵਿਚ ਹੋਇਆ ਹੈ। ਜਾਣਕਾਰੀ ਅਨੁਸਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀਆਂ ਕੁੱਲ 2865 ਅਸਾਮੀਆਂ 'ਚੋਂ 1341 ਅਸਾਮੀਆਂ ਖ਼ਾਲੀ ਹਨ ਜਦਕਿ ਸ਼ਾਹਪੁਰ ਕੰਡੀ ਡੈਮ ਦੀਆਂ ਕੁੱਲ 2126 ਵਿਚੋਂ 561 ਅਸਾਮੀਆਂ ਖ਼ਾਲੀ ਪਈਆਂ ਹਨ।
ਇਸ ਬਾਰੇ ਆਰ.ਟੀ.ਆਈ. ਕਾਰਕੁੰਨ ਹਰਮਿਲਾਪ ਗਰੇਵਾਲ ਨੇ ਵੇਰਵੇ ਸਾਂਝੇ ਕੀਤੇ ਹਨ। ਉਨ੍ਹਾਂ ਵਲੋਂ ਸਾਂਝੀ ਕੀਤੀ ਜਾਣਕਾਰੀ ਨੇ ਸਵਾਲ ਖੜੇ ਕੀਤੇ ਹਨ ਕਿ ਪੰਜਾਬ ਸਰਕਾਰ ਆਪਣੇ ਡੈਮਾਂ ਬਾਰੇ ਕਿੰਨੀ ਕੁ ਸੰਜੀਦਾ ਹੈ? ਗਰੇਵਾਲ ਨੇ ਲਿਖਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦਾ ਹੱਕ ਤਾਂ ਕੇਂਦਰ ਸਰਕਾਰ ਨੇ ਖੋਹ ਲਿਆ ਹੈ ਜਿਸ ਤੋਂ ਬਾਅਦ ਵੀ ਸਰਕਾਰ ਦੀ ਨੀਂਦ ਨਈ ਖੁਲ੍ਹੀ। ਉਨ੍ਹਾਂ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਹੁਣ ਆਰ.ਟੀ.ਆਈ. ਦੇ ਜਵਾਬ ਵੀ ਹਿੰਦੀ ਵਿਚ ਆਉਣ ਲੱਗ ਪਏ ਹਨ ਪਰ ਸਰਕਾਰ ਦਾ ਆਪਣੇ ਡੈਮਾਂ ਤੇ ਖ਼ਾਲੀ ਅਸਾਮੀਆਂ ਭਰਨ ਦਾ ਅਜੇ ਕੋਈ ਵਿਚਾਰ ਨਹੀਂ ਹੈ।
ਗਰੇਵਾਲ ਵਲੋਂ ਸਾਂਝੇ ਕੀਤੇ ਵੇਰਵਿਆਂ ਅਨੁਸਾਰ ਸ਼ਾਹਪੁਰ ਕੰਡੀ ਡੈਮ ਟਾਊਨਸ਼ਿਪ ਦੀਆਂ ਕੁੱਲ 1900 ਅਸਾਮੀਆਂ ਵਿਚੋਂ 492, ਡੈਮ ਪ੍ਰੋਜੈਕਟ ਦੀਆਂ ਕੁਲ 226 ਅਸਾਮੀਆਂ ਵਿਚੋਂ 69 ਅਸਾਮੀਆਂ ਖ਼ਾਲੀ ਹਨ। ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸ਼ਾਹਪੁਰ ਕੰਡੀ ਡੈਮ ਦੀਆਂ ਕੁੱਲ 2126 ਵਿਚੋਂ 561 ਅਸਾਮੀਆਂ ਯਾਨੀ 26 ਫ਼ੀਸਦੀ ਅਸਾਮੀਆਂ ਖ਼ਾਲੀ ਪਈਆਂ ਹਨ।
ਇਸੇ ਤਰ੍ਹਾਂ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਕੀਤੀ ਜਾਵੇ ਤਾਂ BBMB ਟਾਊਨਸ਼ਿਪ ਦੀਆਂ ਕੁਲ ਅਸਾਮੀਆਂ 1067 ਹਨ ਜਿਨ੍ਹਾਂ ਵਿਚੋਂ 439 (41%) ਖ਼ਾਲੀ ਹਨ। ਇਸ ਤਰ੍ਹਾਂ ਹੀ ਡੈਮ ਪ੍ਰੋਜੇਕਟ ਦੀਆਂ ਕੁੱਲ 113 'ਚੋਂ 42 (37%), ਡਿਜ਼ਾਈਨ ਡਾਇਰੈਕਟੋਰੇਟ ਗਜ਼ਟਿਡ ਨਾਨ ਗਜ਼ਟਿਡ ਦੀਆਂ ਕੁਲ 72 ਅਸਾਮੀਆਂ ਵਿਚੋਂ 12 ਯਾਨੀ 16 ਫ਼ੀਸਦੀ ਖ਼ਾਲੀ ਹਨ। ਇਸ ਤਹਿਤ ਭਾਖੜਾ ਕੰਪਲੈਕਸ ਤੇ ਬਿਆਸ ਕੰਪਲੈਕਸ ਦੀਆਂ ਕੁਲ ਅਸਾਮੀਆਂ 1613 ਵਿਚੋਂ 848 ਯਾਨੀ 52 ਫ਼ੀਸਦੀ ਖ਼ਾਲੀ ਹਨ। ਨਤੀਜਨ BBMB ਪੰਜਾਬ ਕੇਡਰ ਦੀਆਂ 2865 ਅਸਾਮੀਆਂ ਵਿਚੋਂ 1341 ਯਾਨੀ 46 ਫ਼ੀਸਦੀ ਅਸਾਮੀਆਂ ਖ਼ਾਲੀ ਹਨ।