
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਪਣੀ ਪਾਰਟੀ ਦਾ ਵਿਸਥਾਰ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਪਹੁੰਚੇ.......
ਸ੍ਰੀ ਮੁਕਤਸਰ ਸਾਹਿਬ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਪਣੀ ਪਾਰਟੀ ਦਾ ਵਿਸਥਾਰ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਪਹੁੰਚੇ, ਜਿਥੇ ਉਨ੍ਹਾਂ ਸਮਾਜ ਸੇਵੀ ਅਸ਼ੋਕ ਚੁੱਘ ਦੇ ਗ੍ਰਹਿ ਵਿਖੇ ਪ੍ਰੈੱਸ ਨੂੰ ਸੰਬੋਧਨ ਕੀਤਾ। ਇਸ ਤੋਂ ਉਪਰੰਤ ਉਨ੍ਹਾਂ ਆਦੇਸ਼ ਹਸਪਤਾਲ ਤੋਂ ਦਰਬਾਰ ਸਾਹਿਬ ਦੇ ਨਾਕਾ ਨੰਬਰ 4 ਤਕ ਪੈਦਲ ਕੋਟਕਪੂਰਾ ਰੋਡ ਦੀ ਸਫਾਈ ਕਰਦਿਆਂ ਪੈਂਡਾ ਤੈਅ ਕੀਤਾ। ਇਸ ਉਪਰੰਤ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਆਗੂਆਂ ਨਾਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ।
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਬਾਦਲਾਂ ਅਤੇ ਕਾਂਗਰਸੀਆਂ ਨੂੰ ਗਿਣ ਗਿਣ ਰਗੜੇ ਲਾਏ। ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਤੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਪੁੱਛਣ ਵਾਲਾ ਕੋਈ ਨਹੀਂ ਹੈ ਕਿ ਬਾਦਲ ਪਰਵਾਰ ਅਪਣੇ ਜੱਦੀ 80 ਕਿਲਿਆ ਦੀ ਜਾਇਦਾਦ ਤੋਂ ਵੱਧ ਕੇ ਖਰਬਾਂਪਤੀ ਅਤੇ ਸੱਭ ਤੋਂ ਅਮੀਰ ਸਿੱਖ ਕਿਵੇਂ ਬਣ ਗਏ? ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਵੱਡੇ ਕਾਂਗਰਸੀ ਲੀਡਰ ਰਾਤੋ-ਰਾਤ ਅਮੀਰ ਕਿਵੇਂ ਹੋ ਗਏ? ਉਨ੍ਹਾਂ ਕਿਹਾ ਕਿ ਜਵਾਬ ਸਾਫ ਹੈ ਕਿ ਇਨ੍ਹਾਂ ਨੇ ਪੰਜਾਬ ਦੀ ਜਨਤਾ ਦਾ ਪੈਸਾ ਦੋਹੇ ਹੱਥੀਂ ਲੁੱਟਿਆ ਹੈ ਅਤੇ ਅਪਣੇ ਘਰ ਭਰੇ ਹਨ।
ਉਨ੍ਹਾਂ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਖਹਿਰਾ ਸਾਹਬ ਪੰਜਾਬ ਦੇ ਹਾਲਾਤਾਂ ਤੋਂ ਚਿੰਤਤ ਹਨ, ਉਹ ਦੂਸਰੀਆਂ ਹਮਖਿਆਲੀ ਪਾਰਟੀ ਨਾਲ ਰਲ ਕੇ ਕਾਂਗਰਸੀ ਅਤੇ ਅਕਾਲੀ ਦਲ ਨੂੰ ਪੰਜਾਬ ਦੀ ਫਿਜਾ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹਨ। ਲੋਕ ਸਭਾ ਦੀਆਂ ਚੋਣਾ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੌਕੇ ਮੁਤਾਬਕ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਨਿਵੇਕਲੇ ਢੰਗ ਨਾਲ ਆਪਣੀ ਪਾਰਟੀ ਦਾ ਮੁੱਢ ਸ੍ਰੀ ਮੁਕਤਸਰ ਸਾਹਿਬ ਵਿਖੇ ਬੰਨ੍ਹ ਦਿੱਤਾ ਹੈ।