
ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਵਲੋਂ ਅੱਜ ਸੈਕਟਰ-17 ਵਿਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁਧ ਅਨੋਖੇ ਢੰਗ ਨਾਲ ਠੰਢੀ ਅਤੇ ਫੋਕੀ ਲੋਹੜੀ ਮਨਾਈ...
ਚੰਡੀਗੜ੍ਹ : ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਵਲੋਂ ਅੱਜ ਸੈਕਟਰ-17 ਵਿਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁਧ ਅਨੋਖੇ ਢੰਗ ਨਾਲ ਠੰਢੀ ਅਤੇ ਫੋਕੀ ਲੋਹੜੀ ਮਨਾਈ ਗਈ। ਮੁਲਾਜ਼ਮ ਆਗੂਆਂ ਵਲੋਂ ਅਪਣੇ ਪਰਵਾਰਕ ਮੈਂਬਰਾਂ ਨਾਲ ਸੈਕਟਰ 17 ਵਿਚ ਇਕੱਠੇ ਹੋ ਕੇ ਲੱਕੜਾਂ ਇਕੱਠੀਆਂ ਕਰ ਕੇ ਬਿਨਾਂ ਅੱਗ ਲਾਏ ਉਸ ਦੇ ਆਲੇ-ਦੁਆਲੇ ਬੈਠ ਕੇ ਸਰਕਾਰ ਵਿਰੁਧ ਨਿਵੇਕਲੇ ਢੰਗ ਨਾਲ ਆਪ ਬਣਾਏ ਲੋਹੜੀ ਦੇ ਗੀਤ ਗਾਏ। ਮੁਲਾਜ਼ਮ ਨੇਤਾ ਸੁਖਚੈਨ ਸਿੰਘ ਖਹਿਰਾ ਨੇ ਸਰਕਾਰ 'ਤੇ ਵਿਅੰਗ ਕਸਦਿਆਂ ਕਿਹਾ
ਕਿ ਤਿਉਹਾਰਾਂ ਵਿਚ ਲੋਕ ਸਭਿਆਚਾਰ ਅਨੁਸਾਰ ਪਰਵਾਰ ਅਤੇ ਰਿਸ਼ਤੇਦਾਰੀਆਂ ਵਿਚ ਕਈ ਤਰ੍ਹਾਂ ਦੇ ਉਪਹਾਰ ਦਿੰਦੇ ਆ ਰਹੇ ਹਨ। ਪ੍ਰੰਤੂ ਸਰਕਾਰ ਵਲੋਂ ਮੁਲਾਜ਼ਮਾਂ ਦੇ ਲੰਮੇ ਸਮੇਂ ਤੋਂ ਵਿੱਤੀ ਲਾਭਾਂ 'ਤੇ ਰੋਕਾਂ ਕਾਰਨ ਉਨ੍ਹਾਂ ਦੇ ਤਿਉਹਾਰ ਫਿੱਕੇ ਰਹਿੰਦੇ ਹਨ, ਇਸੇ ਕਾਰਨ ਮੁਲਾਜ਼ਮਾਂ ਨੇ ਅੱਜ ਠੰਢੀ, ਫਿੱਕੀ ਅਤੇ ਫੋਕੀ ਲੋਹੜੀ ਮਨਾਈ ਹੈ। ਮੁਲਾਜ਼ਮ ਆਗੂ ਸੂਖਚੈਨ ਸਿੰਘ ਖਹਿਰਾ, ਗੁਰਮੇਲ ਸਿੰਧੂ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਖਬਾਰਾ ਦੀਆਂ ਸੁਰਖੀਆਂ ਤੋਂ ਪਤਾ ਲਗ ਰਿਹਾ ਹੈ ਕਿ ਪੰਜਾਬ ਸਰਕਾਰ ਅਪਣੇ ਮੁਲਾਜ਼ਮਾਂ ਨੂੰ ਫ਼ਰਵਰੀ ਮਹੀਨੇ ਵਿਚ 6ਵਾਂ ਪੇ ਕਮਿਸ਼ਨ ਦੇਣ ਵਾਲੀ ਹੈ।
ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਸੱਚਮੁਚ ਹੀ ਮੁਲਾਜ਼ਮਾਂ ਨੂੰ 6ਵਾਂ ਤਨਖਾਹ ਕਮਿਸ਼ਨ ਜਲਦੀ ਦੇਣਾ ਚਾਹੁੰਦੀ ਹੈ ਤੇ ਮੁਲਾਜ਼ਮਾ ਦੀਆਂ ਵੋਟਾਂ ਪਾਰਲੀਮੈਂਟ ਚੋਣਾਂ ਵਿਚ ਪ੍ਰਾਪਤ ਕਰਨਾ ਚਾਹੁੰਦੀ ਹੈ ਤਾਂ ਤੁਰਤ ਤਨਖਾਹ ਕਮਿਸ਼ਨ ਨੂੰ ਸਟਾਫ ਮੁਹੱਈਆ ਕਰਵਾਏ ਨਹੀਂ ਤਾਂ ਇਹੀ ਸਮਝਿਆ ਜਾਵੇਗਾ ਕਿ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾ ਰਿਹਾ ਹੈ। ਇਸ ਮੌਕੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਅਮਰਜੀਤ ਵਾਲੀਆ, ਉਮਾ ਕਾਂਤ ਤਿਵਾੜੀ, ਕਰਨੈਲ ਸਿੰਘ ਸੈਣੀ, ਰਣਜੀਤ ਸਿੰਘ ਮਾਨ, ਦਰਸ਼ਨ ਸਿੰਘ ਪਤਲੀ ਤੋਂ ਇਲਾਵਾ ਪਰਵਿੰਦਰ ਸਿੰਘ ਖੰਗੂੜਾ ਆਦਿ ਨੇ ਵੀ ਭਾਗ ਲਿਆ।