
ਪੰਜਾਬੀ ਟੀਵੀ ਚੈਨਲ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ‘ਤੇ ਅਪਣੇ ਨਿੱਜੀ ਹੱਕ ਦਾਅਵਾ ਕਰਨ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ।
ਜਲੰਧਰ: ਪੰਜਾਬੀ ਟੀਵੀ ਚੈਨਲ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ‘ਤੇ ਅਪਣੇ ਨਿੱਜੀ ਹੱਕ ਦਾਅਵਾ ਕਰਨ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਨਾਨਕ ਨਾਮ ਲੇਵਾ ਸੰਗਤ ਵਿਚ ਰੋਸ ਦੀ ਲਹਿਰ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਵਾਲੇ ਚੈਨਲ ਨੇ ਨੋਟਿਸ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਨੂੰ ਸੰਗਤਾਂ ਤਕ ਪਹੁੰਚਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ।
SGPC
ਚੈਨਲ ਵਿਸ਼ੇਸ਼ ਵਲੋਂ ਭੇਜੇ ਗਏ ਇਸ ਨੋਟਿਸ ਵਿਚ ਹੁਕਮਨਾਮਾ ਸਾਹਿਬ ਦੀ ਆਵਾਜ਼ ਸੁਣਾਉਣ 'ਤੇ ਇਤਰਾਜ਼ ਜਤਾਇਆ ਗਿਆ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵਲੋਂ ਰੋਜ਼ ਸਵੇਰੇ ਪੜ੍ਹਿਆ ਜਾਂਦਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਅਪਲੋਡ ਕੀਤੀ ਗਈ ਹੁਕਮਨਾਮਾ ਸਾਹਿਬ ਦੀ ਆਡੀਓ ਉਨ੍ਹਾਂ ਦੇ ਚੈਨਲ ਨਾਲ ਮੈਚ ਕਰਦੀ ਹੈ।
Photo
ਇਸ ਸਬੰਧੀ ਬੀਤੇ ਦਿਨ ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ਵਿਖੇ ਇਕ ਨਿੱਜੀ ਚੈਨਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਚੈਨਲ ਵੱਲੋਂ ਗੁਰਬਾਣੀ ਨੂੰ ਅਪਣੀ ਬੌਧਿਕ ਸੰਪਤੀ ਦੱਸਣ ਦੇ ਸਬੂਤ ਪੇਸ਼ ਕੀਤੇ ਗਏ ਹਨ। ਦੱਸ ਦਈਏ ਕਿ ਚੈਨਲ ਨੇ 10 ਜਨਵਰੀ 2020 ਨੂੰ ਇਕ ਨਿੱਜੀ ਚੈਨਲ ਨੂੰ ਫੇਸਬੁੱਕ ਰਾਹੀਂ ਭੇਜੇ ਨੋਟਿਸ ਵਿਚ ਗੁਰਬਾਣੀ ਨੂੰ ਆਪਣੀ ਬੌਧਿਕ ਜਾਇਦਾਦ ਦਰਸਾਇਆ ਹੈ।
Photo
ਇਸ ਤੇ ਪਰਮਜੀਤ ਸਿੰਘ ਗਾਜੀ ਨੇ ਕਿਹਾ ਕਿ ਬੌਧਿਕ ਜਾਇਦਾਦ ਉਹ ਹੁੰਦੀ ਹੈ ਜਿਹੜੀ ਕਿਸੇ ਦੇ ਆਪਣੇ ਦਿਮਾਗ ਦੀ ਉਪਜ ਹੋਵੇ ਜਿਵੇਂ ਕਿ ਕਵੀ ਦੀ ਕਵਿਤਾ, ਕਹਾਣੀਕਾਰ ਦੀ ਕਹਾਣੀ, ਸਾਜਿਦੇ ਦਾ ਸੰਗੀਤ, ਫਿਲਮਸਾਜ਼ ਦੀ ਫਿਲਮ, ਨਾਟਕਕਾਰ ਦਾ ਨਾਟਕ ਅਤੇ ਕਲਾਕਾਰ ਦੀ ਕਲਾ ਉਸ ਦੀ ਬੌਧਿਕ ਜਾਇਦਾਦ ਹੁੰਦੀ ਹੈ।
Guru Granth Sahib Ji
ਉਹਨਾਂ ਕਿਹਾ ਕਿ ਗੁਰਬਾਣੀ ਨੂੰ ਅਪਣੀ ਬੌਧਿਕ ਜਾਇਦਾਦ ਦੱਸ ਕੇ ਚੈਨਲ ਵੱਲੋਂ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੀ. ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਿਡ’ ਅਤੇ ਪੀ.ਟੀ.ਸੀ. ਪੰਜਾਬੀ ਵਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਗੁਰਬਾਣੀ ਕੀਰਤਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਵਾਕ ਉੱਤੇ ਆਪਣੀ ਅਜਾਰੇਦਾਰੀ ਦਰਸਾਉਣਾ ਸਰਾਸਰ ਗਲਤ ਅਤੇ ਨਾ ਪ੍ਰਵਾਣਯੋਗ ਕਾਰਵਾਈ ਹੈ।
Paramjit singh Gaji
ਉਹਨਾਂ ਕਿਹਾ ਕਿ ਗੁਰਬਾਣੀ, ਜਿਸ ਬਾਰੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਸਪਸ਼ਟ ਕੀਤਾ ਹੈ ਕਿ ‘ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ।।’ ਅਤੇ ‘ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥’ ਅਤੇ ਹਰੇਕ ਪ੍ਰਾਣੀ ਨੂੰ ਦੱਸਿਆ ਹੈ ਕਿ ਗੁਰਬਾਣੀ ਆਪ ਨਿਰੰਕਾਰੁ ਅਕਾਲ ਪੁਰਖੁ ਜੀ ਦਾ ਹੁਕਮ ਹੈ, ਉਸ ਨੂੰ ਪੀ.ਟੀ.ਸੀ ਵਲੋਂ ਆਪਣੀ ‘ਬੌਧਿਕ ਜਾਇਦਾਦ’ ਦੱਸਣਾ ਅਸੀਂ ‘ਧੁਰਿ ਕੀ ਬਾਣੀ’ ਦੀ ਬੇਅਦਬੀ ਸਮਝਦੇ ਹਾਂ।
SGPC
ਉਹਨਾਂ ਦੱਸਿਆ ਕਿ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਅਵਾਜ਼ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਤੋਂ ਲਈ ਜਾਂਦੀ ਸੀ। ਇਸ ਦੌਰਾਨ ਉਹਨਾਂ ਨੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਹੋ ਰਹੀ ਇਸ ਬੇਅਦਬੀ ਨੂੰ ਰੋਕਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਇਸ ਮਸਲੇ ਦੇ ਸਾਰੇ ਪੱਖ ਵਿਚਾਰਨ ਲਈ ਸਿੱਖ ਸੰਗਤਾਂ ਅਤੇ ਮੀਡੀਆ ਅਦਾਰਿਆਂ ਦੇ ਇੱਕਠ ਲਈ 17 ਜਨਵਰੀ 2020 ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰੀ 28, ਚੰਡੀਗੜ੍ਹ ਪਹੁੰਚਣ ਦਾ ਸੱਦਾ ਦਿੱਤਾ ਹੈ।