
ਕੇਂਦਰ ਨਹੀਂ ਦੇਂਦਾ ਤਾਂ ਅਸੀਂ ਦਿੱਲੀ ਵਾਸੀਆਂ ਨੂੰ ਮੁਫ਼ਤ ’ਚ ਦੇਵਾਂਗੇ ਕੋਰੋਨਾ ਵੈਕਸੀਨ: ਕੇਜਰੀਵਾਲ
ਨਵੀਂ ਦਿੱਲੀ, 13 ਜਨਵਰੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕੋਰੋਨਾ ਦੀ ਵੈਕਸੀਨ ਮੁਫ਼ਤ ’ਚ ਉਪਲੱਬਧ ਨਹੀਂ ਕਰਾਏਗੀ ਤਾਂ ਦਿੱਲੀ ਸਰਕਾਰ ਲੋਕਾਂ ਨੂੰ ਮੁਫ਼ਤ ’ਚ ਵੈਕਸੀਨ ਉਪਲੱਬਧ ਕਰਵਾਏਗੀ।
ਕੇਜਰੀਵਾਲ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਪੂਰੇ ਦੇਸ਼ ਵਿਚ ਸਾਰੇ ਲੋਕਾਂ ਨੂੰ ਮੁਫ਼ਤ ਵਿਚ ਵੈਕਸੀਨ ਦਿਤੀ ਜਾਵੇ। ਦੇਖਦੇ ਹਾਂ ਕਿ ਇਸ ’ਤੇ ਕੇਂਦਰ ਵਲੋਂ ਕੀ ਫ਼ੈਸਲਾ ਲਿਆ ਜਾਂਦਾ ਹੈ। ਜੇਕਰ ਕੇਂਦਰ ਸਰਕਾਰ ਮੁਫ਼ਤ ਵਿਚ ਵੈਕਸੀਨ ਨਹੀਂ ਉਪਲੱਬਧ ਕਰਵਾਉਂਦੀ ਤਾਂ ਲੋੜ ਪੈਣ ’ਤੇ ਅਸੀਂ ਦਿੱਲੀ ਦੇ ਲੋਕਾਂ ਨੂੰ ਇਹ ਵੈਕਸੀਨ ਮੁਫ਼ਤ ਉਪਲੱਬਧ ਕਰਵਾਵਾਂਗੇ।
ਦਸਣਯੋਗ ਹੈ ਕਿ ਕੇਜਰੀਵਾਲ ਨੇ ਅੱਜ ਪੂਰਬੀ ਦਿੱਲੀ ’ਚ ਮਰਹੂਮ ਡਾਕਟਰ ਹਿਤੇਸ਼ ਗੁਪਤਾ ਦੇ ਪਰਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ, ਜਿਨ੍ਹਾਂ ਨੇ ਕੋਵਿਡ-19 ਦੀ ਡਿਊਟੀ ਦੌਰਾਨ ਅਪਣੀ ਜਾਨ ਗਵਾਈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਕੋਰੋਨਾ ਯੋਧਿਆਂ ਦਾ ਉਤਸ਼ਾਹ ਵਧਾਉਣ ਲਈ ਇਕ ਯੋਜਨਾ ਸ਼ੁਰੂ ਕੀਤੀ ਸੀ ਅਤੇ ਇਸ ਤਹਿਤ ਮੈਂ ਪਰਵਾਰ ਨੂੰ 1 ਕਰੋੜ ਰੁਪਏ ਦੀ ਮਦਦ ਦੇਣ ਆਇਆ ਹਾਂ। ਉਨ੍ਹਾਂ ਦੀ ਪਤਨੀ ਪੜ੍ਹੀ-ਲਿਖੀ ਹੈ ਅਤੇ ਅਸੀਂ ਉਨ੍ਹਾਂ ਨੂੰ ਦਿੱਲੀ ਸਰਕਾਰ ’ਚ ਭਰਤੀ ਕਰਾਂਗੇ। (ਏਜੰਸੀ)