ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਹੋਇਆ: ਮੋਦੀ
ਮੋਦੀ ਨੇ 13 ਜਨਵਰੀ 2016 ਨੂੰ ਯੋਜਨਾ ਦੀ ਕੀਤੀ ਸੀ ਸ਼ੁਰੂਆਤ
ਨਵੀਂ ਦਿੱਲੀ, 13 ਜਨਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਪੰਜ ਸਾਲ ਪੂਰੇ ਹੋਣ ਦੇ ਮੌਕੇ ’ਤੇ ਲਾਭਪਾਤਰੀ ਕਿਸਾਨਾਂ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਇਕ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਹੋਇਆ ਹੈ। ਮੋਦੀ ਨੇ ਟਵੀਟ ਕੀਤਾ, ‘‘ਦੇਸ਼ ਦੇ ਅੰਨਦਾਤਾਵਾਂ ਨੂੰ ਕੁਦਰਤੀ ਕਹਿਰ ਤੋਂ ਸੁਰੱਖਿਆ ਦੇਣ ਵਾਲੀ ਪੀਐੱਮ ਫ਼ਸਲ ਬੀਮਾ ਯੋਜਨਾ ਦੇ 5 ਸਾਲ ਪੂਰੇ ਹੋ ਗਏ ਹਨ। ਇਸ ਸਕੀਮ ਤਹਿਤ ਨੁਕਸਾਨ ਦਾ ਕਵਰੇਜ ਵਧਣ ਅਤੇ ਜ਼ੋਖਮ ਘੱਟ ਹੋਣ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਹੋਇਆ ਹੈ। ਇਸ ਦੇ ਸਾਰੇ ਲਾਭਪਾਤਰੀਆਂ ਨੂੰ ਮੇਰੀ ਦਿਲੋਂ ਮੁਬਾਰਕਾਂ।” ਪ੍ਰਧਾਨ ਮੰਤਰੀ ਨੇ 13 ਜਨਵਰੀ 2016 ਨੂੰ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ, ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਦੇ ਨੁਕਸਾਨ ਤੋਂ ਪੂਰੇ ਫ਼ਸਲੀ ਚੱਕਰ ਲਈ ਬੀਮਾ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।
ਇਕ ਹੋਰ ਟਵੀਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਕਿਸ ਤਰ੍ਹਾਂ ਕਿਸਾਨੀ ਨੂੰ ਵੱਧ ਤੋਂ ਵੱਧ ਲਾਭ ਮਿਲਿਆ ਹੈ ਅਤੇ ਦਾਅਵਿਆਂ ਦੇ ਨਿਪਟਾਰੇ ਵਿਚ ਪਾਰਦਰਸ਼ਤਾ ਵਰਤੀ ਗਈ ਹੈ, ਵਰਗੀਆਂ ਸਬੰਧਤ ਜਾਣਕਾਰੀਆਂ ਨਮੋ ਐਪ ਦੇ ‘‘ਤੁਹਾਡੀ ਆਵਾਜ਼” ਭਾਗ ਵਿਚ ਉਪਲਬੱਧ ਹਨ।
ਉਨ੍ਹਾਂ ਲੋਕਾਂ ਨੂੰ ਇਹ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਵੀ ਕੀਤੀ। (ਪੀਟੀਆਈ)