
ਭਾਜਪਾ ਦੀਆਂ ਟਿਕਟਾਂ ਲੈਣ ਵਾਲਿਆਂ ਦੀ ਕਤਾਰ ਲੰਮੀ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਭਾਜਪ, ਪੀ.ਐਲ.ਸੀ. ਅਤੇ ਅਕਾਲੀ ਦਲ ਸੰਯੁਕਤ ਗਠਜੋੜ ਵੀ ਹੁਣ ਪੂਰਾ ਸਰਗਰਮ ਹੋ ਚੁੱਕਾ ਹੈ। ਇਸ ਗਠਜੋੜ ਨਾਲ ਸਬੰਧਤ 6 ਮੈਂਬਰੀ ਕਮੇਟੀ ਦੀ ਅੱਜ ਹੋਈ ਇਕ ਮੀਟਿੰਗ ਵਿਚ 117 ਸੀਟਾਂ ਵਿਚੋਂ 70 ਸੀਟਾਂ ਉਪਰ ਸਹਿਮਤੀ ਬਣ ਚੁੱਕੀ ਹੈ ਅਤੇ ਬਾਕੀ 47 ਸੀਟਾਂ ਬਾਰੇ ਵਿਚਾਰ ਵਟਾਂਦਰੇ ਜਾਰੀ ਹਨ। ਜਿਹੜੀਆਂ 70 ਸੀਟਾਂ ’ਤੇ ਆਪਸੀ ਸਹਿਮਤੀ ਬਣੀ ਹੈ, ਉਨ੍ਹਾਂ ਵਿਚ 45 ਭਾਜਪਾ, 17 ਕੈਪਟਨ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਅਤੇ 7 ਅਕਾਲੀ ਦਲ ਸੰਯੁਕਤ ਨਾਲ ਸਬੰਧਤ ਹਨ।
Captain Amarinder Singh
ਸਾਂਝੀ ਤਾਲਮੇਲ ਕਮੇਟੀ ਦੇ ਮੈਂਬਰ ਤੇ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਸਿਰਫ਼ ਜਿੱਤ ਦੀ ਸਮਰੱਥਾ ਨੂੰ ਮੁੱਖ ਆਧਾਰ ਬਣਾਇਆ ਜਾ ਰਿਹਾ ਹੈ। 15 ਜਨਵਰੀ ਨੂੰ ਚੰਡੀਗੜ੍ਹ ਵਿਚ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਵੇਗੀ ਜਿਸ ਵਿਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਹਰਦੀਪ ਸਿੰਘ ਪੁਰੀ ਅਤੇ ਮੀਨਾਕਸ਼ੀ ਲੇਖੀ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਸਾਰੀਆਂ 117 ਸੀਟਾਂ ਉਪਰ ਸਹਿਮਤੀ ਬਣਾ ਲਈ ਜਾਵੇਗੀ। ਕੇਂਦਰੀ ਚੋਣ ਕਮੇਟੀ ਉਮੀਦਵਾਰਾਂ ਦਾ ਫ਼ੈਸਲਾ ਕਰੇਗੀ ਅਤੇ ਇਸ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼ੁਰੂ ਹੋ ਜਾਵੇਗਾ।
ਕਿਸਾਨਾਂ ਦੇ ਦਿੱਲੀ ਮੋਰਚੇ ਸਮੇਂ ਭਾਜਪਾ ਦਾ ਗਰਾਫ਼ ਬਿਲਕੁਲ ਹਾਸ਼ੀਏ ’ਤੇ ਆ ਗਿਆ ਸੀ ਪਰ ਇਸ ਸਮੇਂ ਸੱਭ ਤੋਂ ਵੱਧ ਟਿਕਟਾਂ ਲੈਣ ਦੇ ਚਾਹਵਾਨਾਂ ਦੀ ਗਿਣਤੀ ਭਾਜਪਾ ਵਿਚ ਹੈ। ਮਿਲੀ ਜਾਣਕਾਰੀ ਮੁਤਾਬਕ 4028 ਵਿਅਕਤੀਆਂ ਨੇ ਭਾਜਪਾ ਦੀਆਂ ਟਿਕਟਾਂ ਲੈਣ ਲਈ ਅਰਜ਼ੀਆਂ ਦਿਤੀਆਂ ਹਨ। ਇਨ੍ਹਾਂ ਵਿਚ ਸੱਭ ਤੋਂ ਵੱਧ ਗਿਣਤੀ ਦੋਆਬਾ ਤੇ ਮਾਝਾ ਖੇਤਰ ਵਿਚੋਂ ਹੈ। ਬਠਿੰਡਾ, ਮਾਨਸਾ ਤੇ ਸੰਗਰੂਰ ਖੇਤਰ ਵਿਚ ਗਿਣਤੀ ਘੱਟ ਹੈ। ਸ਼ਹਿਰੀ ਹਲਕਿਆਂ ਜਿਥੇ ਹਿੰਦੂ ਵੋਟਰਾਂ ਦੀ ਗਿਣਤੀ ਵੱਧ ਹੈ, ਤੋਂ ਟਿਕਟਾਂ ਲੈਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹਨ। ਇਨ੍ਹਾਂ ਵਿਚ ਹੋਰਨਾਂ ਪਾਰਟੀਆਂ ਵਿਚੋਂ ਜਾ ਰਹੇ ਲੋਕ ਵੀ ਸ਼ਾਮਲ ਹਨ