
ਚੇਅਰਮੈਨ ਰਜਿੰਦਰ ਸਿੰਘ ਵਲੋਂ ਪੜਤਾਲ ਲਈ ਤਿੰਨ ਮੈਂਬਰੀ ਐਸ.ਆਈ.ਟੀ ਬਣਾਉਣ ਦਾ ਹੁਕਮ
ਲੁਧਿਆਣਾ, 13 ਫ਼ਰਵਰੀ (ਪ੍ਰਮੋਦ ਕੌਸ਼ਲ): ਲੁਧਿਆਣਾ ਦੇ ਇਕ ਨਿਜੀ ਸਕੂਲ ਵਿਚ ਪੜ੍ਹਨ ਵਾਲੀ 7 ਸਾਲਾ ਦੀ ਮਾਸੂਮ ਬੱਚੀ ਨਾਲ ਹੋਏ ਜਬਰ ਜ਼ਿਨਾਹ ਦੇ ਮਾਮਲੇ ਵਿਚ ਪੰਜਾਬ ਸਟੇਟ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦੇ ਚੇਅਰਮੈਨ ਕਾਫ਼ੀ ਸਖ਼ਤ ਨਜ਼ਰ ਆਏ ਅਤੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਦਾ ਗਠਨ ਕਰਨ ਦੀ ਹਦਾਇਤ ਕੀਤੀ ਗਈ ਜਿਸ 'ਤੇ ਤੁਰਤ ਐਕਸ਼ਨ ਲੈਂਦਿਆਂ ਸੀਪੀ ਲੁਧਿਆਣਾ ਵਲੋਂ 3 ਮੈਂਬਰੀ ਐਸਆਈਟੀ ਦਾ ਗਠਨ ਕਰ ਕੇ ਜਲਦ ਤੋਂ ਜਲਦ ਰੀਪੋਰਟ ਦੇਣ ਲਈ ਕਿਹਾ ਗਿਆ ਹੈ |
ਅੱਜ ਲੁਧਿਆਣਾ ਪਹੁੰਚੇ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਪਹਿਲਾਂ ਪੀੜਤ ਪ੍ਰਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਸਾਰੇ ਮਾਮਲੇ ਲਈ ਬਣੀ ਕਮੇਟੀ ਨਾਲ ਵੀ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਰਜਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰਵਾਰ ਨਾਲ ਮਿਲ ਕੇ ਆਏ ਹਨ | ਉਨ੍ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇਸ ਮਸਲੇ ਦੀ ਡੂੰਘਾਈ ਨਾਲ ਪੜਤਾਲ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰਨ ਲਈ ਕਿਹਾ ਹੈ ਤਾਂ ਜੋ ਪੀੜਤ ਬੱਚੀ ਨੂੰ ਇਨਸਾਫ਼ ਮਿਲ ਸਕੇ |
ਉਨ੍ਹਾਂ ਪੀੜਤ ਪ੍ਰਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਵਾਇਆ ਹੈ | ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਕਿ ਉਹ ਜਲਦ ਕੇਸ ਬਣਾ ਕੇ ਭੇਜਣ ਤਾਂ ਜੋ ਬੱਚੀ ਨੂੰ ਮਿਲਣ ਵਾਲੀ ਮਦਦ ਵਿਚ ਕੋਈ ਦੇਰੀ ਨਾ ਹੋਵੇ | ਉਧਰ, ਲੁਧਿਆਣਾ ਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਤੋਂ ਬਾਅਦ ਕਮਿਸ਼ਨ ਦੇ ਚੇਅਰਮੈਨ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਅਫ਼ਸਰਾਂ ਵਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ ਤੇ ਤਸੱਲੀ ਦਾ ਵੀ ਪ੍ਰਗਟਾਵਾ ਕੀਤਾ | ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵਿਦਿਅਕ ਅਦਾਰਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਵਿਚ ਇਸ ਗੱਲ ਲਈ ਜਾਗਰੂਕਤਾ ਲਿਆਉਣ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਪੀੜਤ ਦੀ ਨਿਰੰਤਰ ਕੌਂਸਲਿੰਗ ਲਈ ਵੀ ਹਿਦਾਇਤ ਜਾਰੀ ਕੀਤੀ ਹੈ |