
ਨਿਊਜ਼ੀਲੈਂਡ ’ਚ ਕਿਸਾਨਾਂ ਦੇ ਹੱਕ ਵਿਚ ਅੱਜ ਦੋ ਘੰਟੇ ਜਹਾਜ਼ ਲੈ ਕੇ ਘੁੰਮੇਗਾ ‘ਫ਼ਲਾਈਂਗ ਬੈਨਰ’
ਕਿਉਂਕ 88 ਫ਼ੀ ਸਦੀ ਲੋਕਾਂ ਨੂੰ ਯਾਦ ਰਹਿੰਦੀ ਹੈ ਫ਼ਲਾਈਂਗ ਅਤੇ 79 ਫ਼ੀ ਸਦੀ ਪੜ੍ਹ ਕੇ ਯਾਦ ਕਰ ਲੈਂਦੇ ਨੇ ਲਿਖਿਆ ਸੁਨੇਹਾ
ਆਕਲੈਂਡ, 13 ਫ਼ਰਵਰੀ (ਹਰਜਿੰਦਰ ਸਿੰਘ ਬਸਿਆਲਾ): ਕਹਿੰਦੇ ਨੇ ਜਦੋਂ ਗੱਲ ਹਮਾਇਤ ਕਰਨ ਦੀ ਹੋਵੇ, ਜੋਸ਼ ਅੰਤਰਰਾਸ਼ਟਰੀ ਸਤਰ ਉਤੇ ਪਹੁੰਚ ਚੁਕਿਆ ਹੋਵੇ, ਪਰ ਉਪਰੋਂ ਬਾਰਡਰ ਬੰਦ ਹੋਣ ਤਾਂ ਕੋਈ ਨਾ ਕੋਈ ਰਸਤਾ ਲੱਭ ਅਪਣਾ ਸੁਨੇਹਾ ਧੁਰ ਤਕ ਪੁੱਜਦਾ ਕਰਨ ਵਾਲੇ ਉੱਚੀ ਉਡਾਰੀ ਮਾਰ ਹੀ ਜਾਂਦੇ ਹਨ। ਇਥੇ ਨਿਊਜ਼ੀਲੈਂਡ ਵਸਦੇ ਪੰਜਾਬੀ ਨੌਜਵਾਨਾਂ ਦੇ ਜੋਸ਼ ਦੀ ਦਾਦ ਦੇਣੀ ਬਣਦੀ ਹੈ ਕਿ ਇਨ੍ਹਾਂ ਨੇ ਕਿਸਾਨੀ ਸ਼ੰਘਰਸ਼ ਲਈ ਉਦਮ ਕਰ ਕੇ 14 ਫ਼ਰਵਰੀੇ ਦਿਨ ਐਤਵਾਰ ਨੂੰ ਦੋ ਘੰਟੇ ਲਈ ‘ਏਅਰਬੱਬਲ ਏਰੀਅਲ ਐਡਵਰਟਾਈਜਿੰਗ’ ਦੀ ਤਰਜ਼ ਉਤੇ ਜਹਾਜ਼ ਹੀ ਭਾੜੇ ਉਤੇ ਲੈ ਲਿਆ ਹੈ।
ਕਲ 1000 ਤੋਂ 1100 ਫ਼ੁੱਟ ਦੀ ਉਚਾਈ ਉਤੇ ਕਿਸਾਨਾਂ ਦੇ ਹੱਕ ਵਿਚ ਲਿਖੇ 7 ਫ਼ੁੱਟੇ ਅੱਖਰ ਜਦੋਂ ਹਵਾ ਦੇ ਵਿਚ ਮੰਡਰਾਉਣਗੇ ਤਾਂ ਇਹ ਨੀਲੇ-ਨੀਲੇ ਅੱਖਰ ਸੁਨਿਹਿਰੇ ਇਤਿਹਾਸ ਵਿਚ ਬਦਲ ਜਾਣਗੇ। ਦਸ ਦਈਏ ਕਿ ਇਥੇ ਜਹਾਜ਼ ਥੱਲੇ ਫ਼ਲਾਈਂਗ ਹੋਣ ਵਾਲਾ ਹਰ ਅੱਖਰ ਧਰਤੀ ਤੋਂ ਖੜ ਕੇ ਕਿਸੇ ਪਾਸਿਉਂ ਵੀ ਪੜਿ੍ਹਆ ਜਾ ਸਕੇਗਾ। ਕੁਲ 35-40 ਅੱਖਰ ਇਕੋ ਲਾਈਨ ਦੇ ਵਿਚ ਜਹਾਜ਼ ਦੇ ਥਲ੍ਹੇ-ਥਲ੍ਹੇ ਸੁਨੇਹ ਛਡਦੇ ਉਡਣਗੇ।
ਜਹਾਜ਼ ਰਾਹੀਂ ਹੋਣ ਵਾਲੀ ਅਜਿਹੀ ਐਡਵਰਟਾਈਜਿੰਗ 88 ਫ਼ੀ ਸਦੀ ਲੋਕਾਂ ਨੂੰ ਯਾਦ ਰਹਿੰਦੀ ਹੀ ਰਹਿੰਦੀ ਹੈ ਅਤੇ 79 ਫ਼ੀ ਸਦੀ ਲੋਕ ਬੈਨਰ ਉਤੇ ਲਿਖਿਆ ਪੜ੍ਹ ਕੇ ਯਾਦ ਵੀ ਕਰ ਲੈਂਦੇ ਹਨ ਅਤੇ ਚੇਤਿਆਂ ਵਿਚ ਵਸਾ ਲੈਂਦੇ ਹਨ।
ਇਥੇ ਫ਼ਲਾਈਂਗ ਬੈਨਰ ਦਾ ਮਤਲਬ ਅਪਣੇ ਸੁਨੇਹੇ ਨੂੰ ਅੰਤਰਰਾਸ਼ਟਰੀ ਅਵਾਜ਼ ਬਨਾਉਣਾ ਹੈ। ਕਲ ਨੂੰ ਜਦੋਂ ਇਹ ਦੋਵੇਂ ਦੇਸ਼ ਇਕ ਦੂਜੇ ਨਾਲ ਗੱਲਬਾਤ ਕਰਨਗੇ ਤਾਂ ਅਜਿਹੇ ਮੁੱਦਿਆਂ ਨੂੰ ਯਾਦ ਰਖਿਆ ਜਾਵੇਗਾ ਅਤੇ ਕਿਸਾਨਾਂ ਦੀ ਕੀਤੀ ਗੱਲ ਚੇਤਿਆਂ ਵਿਚ ਵਸੇਗੀ। ਜਹਾਜ਼ ਦੇ ਥਲ੍ਹੇ ਉਡਣ ਵਾਲਾ ਲੰਬਾ ਸਾਰਾ ਬੈਨਰ ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਲਿਖਿਆ ਗਿਆ ਹੈ। ਨਿਊਜ਼ੀਲੈਂਡ ਵਸਦੇ ਮੁੰਡਿਆਂ ਅਤੇ ਕੱੁਝ ਅਦਾਰਿਆਂ ਦੇ ਸਹਿਯੋਗ ਨਾਲ ਇਹ ਸਾਰਾ ਖਰਚਾ ਚੁਕਿਆ ਗਿਆ ਹੈ। ਸਵਾ ਕੁ 2 ਵਜੇ ਇਹ ਜਹਾਜ਼ ਆਰਡਮੋਰ ਤੋਂ ਉਡੇਗਾ ਤੇ ਸਾਊਥ ਔਕਲੈਂਡ ਤੋਂ ਇਲਾਵਾ ਸਿਟੀ, ਡੈਵਨਪੋਰਟ ਦੇ ਸਾਰੇ ਬੀਚਾਂ ਉਤੇ ਘੁੰਮਦੇ ਲੋਕਾਂ ਦੀਆਂ ਨਜ਼ਰਾਂ ਅਪਣੇ ਵਲ ਖਿੱਚੇਗਾ। ਉਡਦੇ ਜਹਾਜ਼ ਥਲ੍ਹੇ ਕਿਸਾਨੀ ਹਮਾਇਤ ਦੇ ਵਿਚ ਲਿਖੇ ਸ਼ਬਦਾਂ ਨੂੰ ਵੇਖਣ ਅਤੇ ਸ਼ੇਅਰ ਕਰਨ ਦਾ ਮੌਕਾ ਹੱਥੋਂ ਨਾ ਜਾਣ ਦਿਉ। ਵਰਨਣਯੋਗ ਹੈ ਕਿ ਕਲ ਬਾਅਦ ਦੁਪਹਿਰ 2 ਤੋਂ 4 ਵਜੇ ਤਕ ਸੈਂਡਰਿੰਗਮ ਪਾਰਕ ਵਿਖੇ ‘ਕਿਸਾਨੀ ਫ਼ਲੈਗ ਮਾਰਚ’ ਰਖਿਆ ਗਿਆ ਹੈ, ਉਥੇ ਵੀ ਪਹੁੰਚਣ ਦੀ ਅਪੀਲ ਕੀਤੀ ਗਈ ਹੈ।