
ਨੌਦੀਪ ਕੌਰ ਦੀ ਰਿਹਾਈ ਲਈ ਸਿੰਘੂ ਬਾਰਡਰ ਉਤੇ ਹਸਤਾਖ਼ਰ ਮੁਹਿੰਮ ਸ਼ੁਰੂ
ਨਵੀਂ ਦਿੱਲੀ: 13 ਫ਼ਰਵਰੀ (ਅਮਨਦੀਪ ਸਿੰਘ): ਮਜ਼ਦੂਰਾਂ ਦੇ ਹੱਕਾਂ ਦੀ ਖ਼ਾਤਰ ਕਰਨਾਲ ਜੇਲ ਵਿਚ ਬੰਦ ਨੌਦੀਪ ਕੌਰ ਦੀ ਰਿਹਾਈ ਲਈ ਹੁਣ ਸਿੰਘੂ ਬਾਰਡਰ ਦੇ ਕਿਸਾਨ ਮੋਰਚੇ ਵਿਚ ਉਸ ਦੀ ਰਿਹਾਈ ਲਈ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ | 'ਯੂਥ ਫ਼ਾਰ ਸਵਰਾਜ' ਨੇ ਹਸਤਾਖਰ ਮੁਹਿੰਮ ਸ਼ੁਰੂ ਕਰ ਕੇ ਨੌਦੀਪ ਕੌਰ ਦੀ ਤੁਰਤ ਰਿਹਾਈ ਦੀ ਮੰਗ ਕੀਤੀ ਹੈ | ਨੌਜੁਆਨਾਂ, ਸਮਾਜਕ ਕਾਰਕੁਨਾਂ, ਕਿਸਾਨਾਂ ਤੇ ਹੋਰਨਾਂ ਵਲੋਂ ਸਿੰਘੂ ਬਾਰਡਰ ਉਤੇ ਹਸਤਾਖਰ ਕਰ ਕੇ ਨੌਦੀਪ ਕੌਰ ਨਾਲ ਹੋਏ ਅਖਉਤੀ ਜਿਨਸੀ ਅਤੇ ਸਰੀਰਕ ਤਸ਼ੱਦਦ ਦੀ ਨਿਰਪੱਖ ਪੜਤਾਲ ਦੀ ਮੰਗ ਕੀਤੀ ਜਾ ਰਹੀ ਹੈ |
ਪੰਜਾਬ ਤੋਂ ਸਿੰਘੂ ਬਾਰਡਰ ਪੁੱਜੇ ਹੋਏ ਯੂਥ ਫ਼ਾਰ ਸਵਰਾਜ ਦੇ ਕਾਰਕੁਨਾਂ ਨੌਜੁਆਨ ਲਵਪ੍ਰੀਤ ਸਿੰਘ ਫ਼ੇਰੋਕੇ ਅਤੇ ਅਮਨਦੀਪ ਕੌਰ ਖੀਵਾ ਨੇ ਸਾਂਝੇ ਤੌਰ ਉਤੇ ਕਿਹਾ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਕਰ ਕੇ ਗਿ੍ਫ਼ਤਾਰ ਕਰ ਕੇ ਜੇਲ ਭੇਜੀ ਗਈ ਨੌਦੀਪ ਕੌਰ ਨਾਲ ਕੀਤਾ ਗਿਆ ਤਸ਼ੱਦਦ ਸ਼ਰਮਨਾਕ ਹੈ | ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਹਰਿਆਣਾ ਸਰਕਾਰ ਲੋਕ ਅੰਦੋਲਨਾਂ ਤੋਂ ਕਿਸ ਹੱਦ ਤਕ ਡਰੀ ਹੋਈ ਹੈ | ਅਜਿਹੀਆਂ ਕਰਤੂਤਾਂ ਨਾਲ ਸਰਕਾਰ ਨਿਆਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਡਰ ਨਹੀਂ ਸਕਦੀ ਕਿਉਂਕਿ ਨੌਜਵਾਨ ਤੇ ਭਾਰਤ ਦੇ ਲੋਕ ਸਰਕਾਰਾਂ ਦੀ ਦਬਾਊ ਅਤੇ ਵੰਡ ਪਾਊ ਨੀਤੀਆਂ ਤੋਂ ਜਾਣੂ ਹਨ | ਮੁਹਿੰਮ 'ਚ ਯੂਥ ਫ਼ਾਰ ਸਵਰਾਜ ਦੀ ਸੁਖਦੀਪ ਕੌਰ, ਮਨਪ੍ਰੀਤ ਸਿੰਘ ਔਲਖ, ਰਾਜੇਸ਼ ਰੰਜਨ, ਵਿਵੇਕ ਕੁਮਾਰ ਸਣੇ ਹੋਰ ਕਾਰਕੁਨ ਡੱਟੇ ਹੋਏ ਹਨ |
ਫ਼ੋਟੋ ਕੈਪਸ਼ਨ:- ਸਿੰਘੂ ਬਾਰਡਰ 'ਤੇ ਨੌਦੀਪ ਕੌਰ ਦੀ ਰਿਹਾਈ ਲਈ ਹਸਤਾਖ਼ਰ ਕਰਦੇ ਹੋਏ ਵਿਦਿਆਰਥੀ ਤੇ ਹੋਰ ਲੋਕ |
ਨੋਟ: ਖ਼ਬਰ ਨਾਲ ਦਿੱਲੀ^ ਅਮਦੀਪ^ 13 ਫ਼ਰਵਰੀ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ |