
ਵਿਰੋਧੀ ਪਾਰਟੀਆਂ ਹਾਰ ਤੋਂ ਘਬਰਾ ਕੇ ਕਰ ਰਹੀਆਂ ਹਨ ਕੂੜ ਪ੍ਰਚਾਰ: ਸੁਨੀਲ ਜਾਖੜ
ਭਾਜਪਾ ਦੀਆਂ ਗ਼ਲਤ ਨੀਤੀਆਂ ਕਾਰਨ ਪਾਰਟੀ ਨੂੰ ਨਹੀਂ ਮਿਲੇ ਉਮੀਦਵਾਰ
ਚੰਡੀਗੜ੍ਹ, 13 ਫ਼ਰਵਰੀ (ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਅਪਣੀ ਪ੍ਰੱਤਖ ਹਾਰ ਦਾ ਠੀਕਰਾ ਕਿਸੇ ਹੋਰ ਸਿਰ ਭੰਣਨ ਲਈ ਹੀ ਸ਼ੋ੍ਰਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਚੋਣਾਂ ਵਿਚ ਧੱਕੇਸ਼ਾਹੀ ਦੇ ਬੇਬੁਨਿਆਦ ਦੋਸ਼ ਲਗਾ ਰਹੇ ਹਨ |
ਉਨ੍ਹਾਂ ਨੇ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੂੰ ਅਪਣੇ ਕਾਰਜਕਾਲ ਵਿਚ ਕੀਤੀਆਂ ਧੱਕੇਸ਼ਾਹੀਆਂ ਚੇਤੇ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੂਬੇ ਵਿਚ ਚੋਣ ਅਮਲ ਪੂਰੀ ਤਰਾਂ ਨਾਲ ਨਿਰਪੱਖ ਤਰੀਕੇ ਨਾਲ ਹੋ ਰਿਹਾ ਹੈ ਅਤੇ ਸਰਕਾਰ ਦਾ ਇਸ ਵਿਚ ਕੋਈ ਦਖ਼ਲ ਨਹੀਂ ਹੈ | ਉਨ੍ਹਾਂ ਨੇ ਆਪ ਪਾਰਟੀ ਨੂੰ ਮੁੱਦਾ ਹੀਣ ਪਾਰਟੀ ਦਸਦਿਆਂ ਕਿਹਾ ਕਿ ਇਸ ਪਾਰਟੀ ਨੂੰ ਤਾਂ ਹਾਲੇ ਮੁੱਖ ਮੰਤਰੀ ਦੇ ਅਹੁਦੇ ਲਈ ਵੀ ਉਮੀਦਵਾਰ ਨਹੀਂ ਮਿਲਿਆ ਹੈ |
ਉਨ੍ਹਾਂ ਨੇ ਕਿਹਾ ਕਿ ਹੈਰਾਨੀ ਨਹੀਂ ਹੋਵੇਗੀ ਜੇਕਰ ਆਪ ਪਾਰਟੀ ਕੋਈ ਇਸ਼ਤਿਹਾਰ ਹੀ ਜਾਰੀ ਕਰ ਦੇਵੇ ਕਿ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਚਾਹੀਦਾ ਹੈ | ਉਨ੍ਹਾਂ ਨੇ 'ਆਪ' ਦੇ ਦਿੱਲੀ ਦੇ ਆਗੂਆਂ ਵਲੋਂ ਪੰਜਾਬ ਦੇ ਅਪਣੇ ਲੀਡਰ ਛੱਡ ਕੇ ਉਮੀਦਵਾਰ ਲੱਭਣ ਉਤੇ ਟਿੱਪਣੀ ਕਰਦਿਆਂ ਕਿਹਾ ਕਿ 'ਆਪ' ਦੀ ਹਾਈਕਮਾਂਡ ਨੂੰ ਅਪਣਿਆਂ ਤੇ ਹੀ ਭਰੋਸਾ ਨਹੀਂ ਹੈ |
ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੂਜੇ ਸਥਾਨ ਲਈ ਸੰਘਰਸ਼ ਕਰ ਰਹੇ ਹਨ ਜਦ ਕਿ ਕਈ ਥਾਂਵਾਂ ਉਤੇ ਤਾਂ ਅਜਿਹੀਆਂ ਵੀ ਰਿਪੋਰਟਾਂ ਮਿਲ ਰਹੀਆਂ ਹਨ ਕਿ ਇਹ ਪਾਰਟੀਆਂ ਅਪਣੀ ਸਾਖ਼ ਬਚਾਉਣ ਲਈ ਆਪਸ ਵਿਚ ਵੋਟਾਂ ਦਾ ਲੈਣ ਦੇਣ ਵੀ ਕਰ ਰਹੀਆਂ ਹਨ |
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਰਾਹੀਂ ਮੋਦੀ ਸਰਕਾਰ ਨੇ ਜੋ ਸਮਾਜ ਵਿਰੋਧੀ ਕੰਮ ਕੀਤਾ ਹੈ ਇਸ ਨਾਲ ਨਾ ਕੇਵਲ ਪੰਜਾਬ ਦੇ ਕਿਸਾਨ ਸਗੋਂ ਸਮਾਜ ਦਾ ਹਰ ਵਰਗ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ | ਇਸ ਲਈ ਪਾਰਟੀ ਨੂੰ ਉਮੀਦਵਾਰ ਵੀ ਪੂਰੇ ਨਹੀਂ ਮਿਲੇ ਅਤੇ ਲੋਕ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ |
ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਹਰਿਆਣਾ ਵਿਚ ਜਿੱਥੇ ਭਾਜਪਾ ਦੀ ਅਪਣੀ ਸਰਕਾਰ ਹੈ | ਲੋਕ ਰੋਹ ਕਾਰਨ ਉਥੇ ਹੀ ਭਾਜਪਾ ਦੇ ਮੁੱਖ ਮੰਤਰੀ, ਮੰਤਰੀ ਤੇ
ਵਿਧਾਇਕ ਘਰਾਂ ਅੰਦਰ ਨਜ਼ਰਬੰਦ ਹੋਏ ਪਏ imageਹਨ, ਅਜਿਹੇ ਵਿਚ ਪੰਜਾਬ ਦੇ ਲੋਕਾਂ ਦਾ ਭਾਜਪਾ ਪ੍ਰਤੀ ਰੋਸ਼ ਕੋਈ ਅਪਵਾਦ ਨਹੀਂ ਹੈ |