
ਗਣਤੰਤਰ ਦਿਵਸ ਹਿੰਸਾ: ਦਿੱਲੀ ਪੁਲਿਸ ਨੇ 3 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਦੋਸ਼ੀਆਂ ਦੀ ਪਛਾਣ ਸੁਖਮੀਤ ਸਿੰਘ, ਗੁਨਦੀਪ ਸਿੰਘ ਅਤੇ ਹਰਵਿੰਦਰ ਸਿੰਘ ਵਜੋਂ ਹੋਈ
ਨਵੀਂ ਦਿੱਲੀ, 13 ਫ਼ਰਵਰੀ: ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਿਲਸਿਲੇ ’ਚ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫੁਟੇਜ਼ ਅਤੇ ਤਕਨੀਕੀ ਜਾਂਚ ਦੀ ਮਦਦ ਤੋਂ ਦੋਸ਼ੀਆਂ ਦੀ ਪਛਾਣ ਸੁਖਮੀਤ ਸਿੰਘ (35), ਗੁਨਦੀਪ ਸਿੰਘ (33) ਅਤੇ ਹਰਵਿੰਦਰ ਸਿੰਘ (32) ਵਜੋਂ ਹੋਈ ਹੈ। ਪੁਲਿਸ ਮੁਤਾਬਕ ਗੁਨਦੀਪ ਅਤੇ ਸੁਖਮੀਤ ਦੋਵੇਂ ਪਛਮੀ ਦਿੱਲੀ ਦੇ ਹਰੀ ਨਗਰ ਦੇ ਵਾਸੀ ਹਨ, ਜਦਕਿ ਹਰਵਿੰਦਰ ਲਿਬਾਸਪੁਰ ਇਲਾਕੇ ਦਾ ਵਾਸੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਉੱਤਰੀ ਜ਼ਿਲ੍ਹੇ ਦੇ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ ਗਣਤੰਤਰ ਦਿਵਸ ’ਤੇ ਬੁਰਾੜੀ ਇਲਾਕੇ ਵਿਚ ਹੋਈ ਹਿੰਸਾ ਵਿਚ ਉਨ੍ਹਾਂ ਦੀ ਸ਼ਮੂਲੀਅਤ ਲਈ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ ਦੀ ਗ੍ਰਿਫ਼ਤਾਰ ਦੇ ਨਾਲ ਹੀ ਪੁਲਿਸ ਗਣਤੰਤਰ ਦਿਵਸ ’ਤੇ ਬੁਰਾੜੀ ਵਿਚ ਹੋਈ ਹਿੰਸਾ ਦੇ ਸਿਲਸਿਲੇ ਵਿਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁਕੀ ਹੈ।
ਦਸਣਯੋਗ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਪੁਲਿਸ ਨਾਲ ਝੜਪ ਹੋ ਗਈ ਸੀ। ਗਣਤੰਤਰ ਦਿਵਸ ’ਤੇ ਹੋਈ ਹਿੰਸਾ ਦੌਰਾਨ 500 ਤੋਂ ਵਧੇਰੇ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ, ਜਦਕਿ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ। (ਪੀਟੀਆਈ)