
ਲੁਧਿਆਣਾ ਦੀ ਕੇਸਰ ਗੰਜ ਮੰਡੀ ਦੀ ਇਕ ਫ਼ਰਮ 'ਤੇ ਸਟੇਟ ਜੀ.ਐਸ.ਟੀ ਦਾ ਛਾਪਾ
80 ਲੱਖ ਨਕਦ ਤੇ ਦਸਤਾਵੇਜ਼ ਵੀ ਲਏ ਕਬਜ਼ੇ 'ਚ
ਲੁਧਿਆਣਾ, 13 ਫ਼ਰਵਰੀ (ਪ੍ਰਮੋਦ ਕੌਸ਼ਲ) : ਲੁਧਿਆਣਾ ਦੀ ਕੇਸਰ ਗੰਜ ਮੰਡੀ ਦੀ ਇਕ ਫ਼ਰਮ ਉਤੇ ਸਟੇਟ ਜੀ.ਐਸ.ਟੀ. ਲੁਧਿਆਣਾ ਦੇ ਅਧਿਕਾਰੀਆਂ ਵਲੋਂ ਛਾਪਾ ਮਾਰਿਆ ਗਿਆ | ਐਡੀਬਲ ਆਇਲਜ਼ ਦੀ ਟ੍ਰੇਡਿੰਗ ਦਾ ਕੰਮ ਕਰਨ ਵਾਲੀ ਫ਼ਰਮ ਦੀ ਇੰਸਪੈਕਸ਼ਨ ਦੌਰਾਨ ਪਤਾ ਲੱਗਾ ਕਿ ਉਸ ਦੀ ਸਾਲਾਨਾ ਜੀ.ਟੀ.ਓ ਕਰੋੜਾਂ ਵਿਚ ਹੈ | ਅਧਿਕਾਰੀਆਂ ਵਲੋਂ ਫ਼ਰਮ ਦੀ ਜਾਂਚ ਮੌਕੇ 80 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ |
ਜਾਣਕਾਰੀ ਮੁਤਾਬਕ ਸਟੇਟ ਜੀ.ਐਸ.ਟੀ. ਲੁਧਿਆਣਾ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਸੀ ਕਿ ਲੁਧਿਆਣਾ ਦੀ ਕੇਸਰ ਗੰਜ ਮੰਡੀ ਦੀ ਐਡੀਬਲ ਆਇਲ ਦੀ ਟ੍ਰੇਡਿੰਗ ਵਾਲੀ ਇਕ ਫ਼ਰਮ ਜਿਸ ਦੀ ਸਾਲਾਨਾ ਜੀ.ਟੀ.ਓ ਕਰੋੜਾਂ ਰੁਪਏ ਦੀ ਹੈ, ਵਲੋਂ ਵੱਡੇ ਪੱਧਰ ਤੇ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ |
ਸਾਰੀ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਸਟੇਟ ਜੀ.ਐਸ.ਟੀ. ਲੁਧਿਆਣਾ. ਦੇ ਅਧਿਕਾਰੀਆਂ ਵਲੋਂ ਉਕਤ ਫ਼ਰਮ 'ਤੇ ਛਾਪਾ ਮਾਰਿਆ | ਮੌਕੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਵਲੋਂ ਖ਼ਦਸ਼ਾ ਪ੍ਰਗਟ ਕੀਤਾ ਕਿ ਇਸ ਪਤੇ 'ਤੇ ਇਕ ਤੋਂ ਵੱਧ ਫ਼ਰਮਾਂ ਚੱਲ ਰਹੀਆਂ ਹਨ | ਇਸ ਤੋਂ ਇਲਾਵਾ ਇਹ ਸ਼ੱਕ ਵੀ ਜ਼ਾਹਰ ਕੀਤਾ ਹੈ ਕਿ ਇਸ ਫ਼ਰਮ ਵਲੋਂ ਐਡੀਬਲ ਆਇਲ ਦੀ ਖ਼ਰੀਦ ਕਰ ਕੇ ਜਾਅਲੀ ਲੈਣ-ਦੇਣ ਰਾਹੀਂ ਵੇਚਿਆ ਜਾ ਰਿਹਾ ਹੈ ਅਤੇ ਅਸਲ ਵਿਚ ਇਹ ਸਮਾਨ ਕਿਸੇ ਹੋਰ ਪਤੇ 'ਤੇ ਭੇਜਿਆ ਜਾ ਰਿਹਾ ਹੈ ਜਿਸ ਸਬੰਧੀ ਫ਼ਰਮ ਵਲੋਂ ਵੱਡੀ ਮਾਤਰਾ ਵਿਚ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ |
ਸਟੇਟ ਟੈਕਸ ਵਿਭਾਗ ਦੇ ਅਧਿਕਾਰੀਆਂ ਵਲੋਂ ਜਾਂਚ ਕਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ, ਲੁਧਿਆਣਾ ਨੂੰ ਸੂਚਨਾ ਦਿਤੀ ਗਈ ਜਿਸ ਉਪਰੰਤ ਇਨਕਮ ਟੈਕਸ ਵਿਭਾਗ ਵਲੋਂ ਤੁਰਤ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਭੇਜੀ ਗਈ |
ਅਧਿਕਾਰੀਆਂ ਵਲੋਂ ਮੌਕੇ 'ਤੇ ਕਈ ਚੈਕ ਬੁਕਸ, ਅਕਾਊਾਟ ਬੁਕਸ ਅਤੇ ਖੁਲੇ੍ਹ ਕਾਗ਼ਜ਼ ਜ਼ਬਤ ਵੀ ਕੀਤੇ | ਇਹ ਸੂਚਨਾ ਜਦੋਂ ਸਟੇਟ ਕਰ ਕਮਿਸ਼ਨਰ, ਪੰਜਾਬ ਨੀਲਕੰਠ ਅਵਦ (ਆਈ.ਏ.ਐਸ) ਅਤੇ ਵਧੀਕ ਰਾਜ ਕਰ ਕਮਿਸ਼ਨਰ-1, ਪੰਜਾਬ ਸ਼ੌਕਤ ਅਹਿਮਦ (ਆਈ.ਏ.ਐਸ) ਦੇ ਧਿਆਨ ਵਿਚ ਲਿਆਉਂਦੀ ਤਾਂ ਉਨ੍ਹਾਂ ਵਲੋਂ ਉਪ ਰਾਜ ਕਰ ਕਮਿਸ਼ਨਰ, ਲੁਧਿਆਣਾ ਮੰਡਲ, ਲੁਧਿਆਣਾ ਨੂੰ ਫ਼ਰਮ ਦੀ ਇੰਸਪੈਕਸ਼ਨ ਕਰਨ ਦੀ ਮਨਜ਼ੂਰੀ ਦਿਤੀ | ਇਸ ਉਪਰੰਤ ਉਪ ਰਾਜ ਕਰ ਕਮਿਸ਼ਨਰ, ਲੁਧਿਆਣਾ ਮੰਡਲ, ਲੁਧਿਆਣਾ ਵਲੋਂ ਸਟੇਟ ਟੈਕਸ ਅਫ਼ਸਰ ਮੈਡਮ ਮੰਨੂ ਗਰਗ, ਧਰਮਿੰਦਰ ਕੁਮਾਰ, ਦਵਿੰਦਰ ਪੰਨੂੰ ਅਤੇ ਟੈਕਸ ਇੰਸਪੈਕਟਰ ਮੁਨੀਸ਼ ਕੁਮਾਰ, ਅਸ਼ਵਨੀ ਕੁਮਾਰ, ਰਿਸ਼ੀ ਵਰਮਾ ਦੇ ਨਾਲ ਸਹਿਯੋਗੀ ਸਟਾਫ਼ ਨੂੰ ਭੇਜ਼ ਕੇ ਇੰਸਪੈਕਸ਼ਨ ਕਰਵਾਈ |