
ਰੋਹਤਕ ਗੋਲੀ ਕਾਂਡ ਦਾ ਦੋਸ਼ੀ ਕੁਸ਼ਤੀ ਕੋਚ ਸੁਖਵਿੰਦਰ ਗ੍ਰਿਫ਼ਤਾਰ
ਰੋਹਤਕ, 13 ਫ਼ਰਵਰੀ: ਹਰਿਆਣਾ ਦੇ ਰੋਹਤਕ ਵਿਚ ਪੰਜ ਲੋਕਾਂ ਦਾ ਕਰਨ ਵਾਲੇ ਸੁਖਵਿੰਦਰ ਸਿੰਘ ਨੂੰ ਸਨਿਚਰਵਾਰ ਨੂੰ ਦਿੱਲੀ ਅਤੇ ਹਰਿਆਣਾ ਪੁਲਿਸ ਦੀ ਸਾਂਝੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਸੁਖਵਿੰਦਰ ਨੂੰ ਦਿੱਲੀ ਦੇ ਸਮਯਪੁਰ ਬਾਦਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰੋਹਤਕ ਵਿਚ ਸ਼ੁਕਰਵਾਰ ਸ਼ਾਮ ਨੂੰ ਹੋਏ 5 ਲੋਕਾਂ ਦੇ ਕਤਲ ਮਾਮਲੇ ਵਿਚ ਮੁੱਖ ਦੋਸ਼ੀ ਇਕ ਕੁਸ਼ਤੀ ਕੋਚ ਬਾਰੇ ਸੁਰਾਗ ਦੇਣ ਵਾਲੇ ਲਈ ਹਰਿਆਣਾ ਪੁਲਿਸ ਨੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਰੋਹਤਕ ਵਿਚ ਇਕ ਨਿਜੀ ਕਾਲਜ ਨੇੜੇ ਇਕ ਅਖਾੜੇ ਵਿਚ ਸ਼ੁਕਰਵਾਰ ਸ਼ਾਮ ਨੂੰ ਗੋਲੀਬਾਰੀ ਦੀ ਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ। ਮਾਰੇ ਗਏ ਲੋਕਾਂ ਵਿਚ ਕਾਲਜ ਮੁਲਾਜ਼ਮ ਮਨੋਜ ਮਲਿਕ, ਉਸ ਦੀ ਪਤਨੀ ਅਤੇ ਰੇਲਵੇ ਮੁਲਾਜ਼ਮ ਸਾਕਸ਼ੀ ਮਲਿਕ, ਇਕ ਕੁਸ਼ਤੀ ਕੋਚ ਸਤੀਸ਼ ਅਤੇ ਇਕ ਬੀਬੀ ਖਿਡਾਰਣ ਸ਼ਾਮਲ ਹੈ।
ਪੁਲਿਸ ਮੁਤਾਬਕ ਇਸ ਵਾਰਦਾਤ ਵਿਚ ਮਨੋਜ ਅਤੇ ਸਾਕਸ਼ੀ ਦਾ 4 ਸਾਲਾ ਪੁੱਤਰ ਜ਼ਖ਼ਮੀ ਹੋ ਗਿਆ ਸੀ, ਜਿਸ ਦਾ ਪੀ. ਜੀ. ਆਈ. ਰੋਹਤਕ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਇਕ ਹੋਰ ਜ਼ਖ਼ਮੀ ਵਿਅਕਤੀ ਦਾ ਗੁਰੂਗ੍ਰਾਮ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪੁਲਿਸ ਇੰਸਪੈਕਟਰ ਰਾਹੁਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਮੁੱਖ ਦੋਸ਼ੀ ਸੁਖਵਿੰਦਰ ਕਾਲਜ ਦੇ ਅਖਾੜੇ ਵਿਚ ਕੋਚ ਸੀ, ਉਸ ਵਿਰੁਧ ਸ਼ਿਕਾਇਤਾਂ ਮਿਲਣ ਤੋਂ ਬਾਅਦ ਮਨੋਜ ਮਲਿਕ ਨੇ ਉਸ ਨੂੰ ਬਰਖ਼ਾਸਤ ਕਰ ਦਿਤਾ ਸੀ। ਸ਼ਰਮਾ ਨੇ ਅੱਗੇ ਕਿਹਾ ਕਿ ਪਹਿਲੀ ਨਜ਼ਰ ਵਿਚ ਗੁੱਸੇ ਵਿਚ ਆ ਕੇ ਸੁਖਵਿੰਦਰ ਨੇ ਇਹ ਜ਼ੁਰਮ ਕੀਤਾ।
ਉਨ੍ਹਾਂ ਦਸਿਆ ਕਿ ਹਰਿਆਣਾ ਪੁਲਿਸ ਆਫ਼ ਜਨਰਲ ਡਾਇਰੈਕਟਰ ਨੇ ਫ਼ਰਾਰ ਚੱਲ ਰਹੇ ਸੁਖਵਿੰਦਰ ਬਾਰੇ ਸੁਰਾਗ ਦੇਣ ਵਾਲੇ ਲਈ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁਤਾਬਕ ਸੁਰਾਗ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਸ਼ਰਮਾ ਨੇ ਕਿਹਾ ਕਿ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਗੁਆਂਢੀ ਸੂਬਿਆਂ ਦੀ ਪੁਲਿਸ ਨਾਲ ਤਾਲਮੇਲ ਬਣਾ ਕੇ ਚੱਲ ਰਹੀ ਹੈ। ਉਨ੍ਹਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਦਲ ਬਣਾਇਾ ਗਿਆ ਹੈ। (ਪੀਟੀਆਈ)
-----