
ਲਾਂਘੇ ਰਾਹੀਂ 412 ਸ਼ਰਧਾਲੂਆਂ ਨੇ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
ਡੇਰਾ ਬਾਬਾ ਨਾਨਕ, 13 ਫ਼ਰਵਰੀ (ਪਪ): ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਤੇ ਭਾਰਤ ਸਰਕਾਰ ਵਲੋਂ ਖੋਲ੍ਹੇ ਸ੍ਰੀ ਕਰਤਾਰਪੁਰ ਲਾਂਘੇ ਰਾਹੀਂ ਐਤਵਾਰ ਨੂੰ 412 ਸ਼ਰਧਾਲੂਆਂ ਵਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਗਏ।
ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਸ਼ਰਧਾਲੂਆਂ ਨੇ ਦਸਿਆ ਕਿ ਅੱਜ ਉਹ ਤੜਕਸਾਰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਤਿਆਰ ਕੀਤੇ ਗਏ ਪੈਸੰਜਰ ਟਰਮੀਨਲ ਪੁੱਜੇ ਸਨ ਜਿਥੇ ਉਨ੍ਹਾਂ ਨੇ ਕੋਰੋਨਾ ਟੈਸਟ ਅਤੇ ਕੋਰੋਨਾ ਵੈਕਸੀਨੇਸ਼ਨ ਦੀਆਂ ਡੋਜ਼ਾਂ ਲਗਾਉਣ ਸਬੰਧੀ ਦਸਤਾਵੇਜ਼ ਦਿਖਾਉਣ ਉਪਰੰਤ ਪੋਲੀਉ ਦੀਆਂ ਬੂੰਦਾਂ ਪੀ ਕੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਈਨ ਤੇ ਲੱਗੇ ਗੇਟਾਂ ਰਾਹੀਂ ਅਪਣੇ ਪ੍ਰਵਾਰ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਏ ਸਨ। ਉਨ੍ਹਾਂ ਦਸਿਆ ਕਿ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਲੱਗੇ ਗੇਟ ਪਾਰ ਕਰਨ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਸ਼ਰਧਾਲੂਆਂ ਦੇ ਜਾਣ ਲਈ ਲਗਾਏ ਗਏ ਵਾਹਨਾਂ ਰਾਹੀਂ ਪਾਕਿਸਤਾਨ ਦੇ ਟਰਮੀਨਲ ਤੋਂ ਪੁੱਜੇ ਜਿਥੇ ਉਨ੍ਹਾਂ ਨੇ ਵੀਹ ਡਾਲਰ ਦੀ ਫ਼ੀਸ ਜਮ੍ਹਾਂ ਕਰਵਾਉਣ ਉਪਰੰਤ ਭਾਰਤੀ ਕਰੰਸੀ ਨੂੰ ਤਬਦੀਲ ਕਰ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਦਰਸ਼ਨ ਲਈ ਰਵਾਨਾ ਹੋਏ।
ਉਨ੍ਹਾਂ ਦਸਿਆ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਤੇ ਲੱਗੇ ਪੁਰਾਤਨ ਖੂਹ, ਗੁਰੂ ਨਾਨਕ ਸਾਹਿਬ ਜੀ ਦੀ ਚਾਦਰ ਵਾਲੀ ਸਥਾਨ ਆਦਿ ਇਤਿਹਾਸਕ ਥਾਵਾਂ ਦੇ ਵੀ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਅਪਣੇ ਪ੍ਰਵਾਰ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਅਪਣਾ ਜੀਵਨ ਸਫ਼ਲਾ ਕਰ ਲਿਆ ਹੈ। ਇਸ ਮੌਕੇ ਨਾਨਕ ਨਾਮ ਲੇਵਾ ਸੰਗਤਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਅਤੇ 20 ਡਾਲਰ ਦੀ ਸ਼ਰਤ ਖ਼ਤਮ ਕੀਤੀ ਜਾਵੇ ਤਾਂ ਜੋ ਹਰ ਇਕ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ।