
ਪੰਜਾਬ ਦੇ ਵਿਕਾਸ ਲਈ ਕਾਂਗਰਸ ਸਰਕਾਰ ਹੀ ਜ਼ਰੂਰੀ : ਪਿ੍ਯੰਕਾ ਗਾਂਧੀ
ਤੁਸੀਂ ਗੋਲਡੀ ਖੰਗੂੜਾ ਨੂੰ ਜਿਤਾ ਕੇ ਭੇਜੋ, ਮੈਂ ਕਾਂਗਰਸ ਸਰਕਾਰ ਵਿਚ ਗੋਲਡੀ ਨੂੰ ਮੰਤਰੀ ਬਣਾਵਾਂਗਾ : ਚੰਨੀ
ਧੂਰੀ, 13 ਫ਼ਰਵਰੀ (ਲਖਵੀਰ ਸਿੰਘ ਧਾਂਦਰਾ): ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਧੂਰੀ ਹਲਕੇ ਦੇ ਪਿੰਡ ਰਾਜੋਮਾਜਰਾ ਵਿਖੇ ਪਹੁੰਚੀ |
ਇਸ ਮੌਕੇ ਪਿ੍ਯੰਕਾ ਗਾਂਧੀ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ , ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ, ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਫ਼ਿਲਮੀ ਅਦਾਕਾਰ ਯੋਗਰਾਜ, ਕਾਂਗਰਸੀ ਆਗੂ ਰਜਿੰਦਰ ਮੂਡ ਵੀ ਹਾਜ਼ਰ ਸਨ | ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਲਵੀਰ ਸਿੰਘ ਗੋਲਡੀ ਵਲੋਂ ਪਿ੍ਯੰਕਾ ਗਾਂਧੀ ਨੂੰ ਖੇਤਾਂ ਦੀ ਵੀ ਸੈਰ ਕਰਵਾਈ ਗਈ | ਉਨ੍ਹਾਂ ਨੇ ਖੇਤ ਦੀ ਮੋਟਰ 'ਤੇ ਬੈਠ ਕੇ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵੀ ਖਾਧੀ | ਇਥੇ 'ਨਵੀਂ ਸੋਚ, ਨਵਾਂ ਪੰਜਾਬ' ਰੈਲੀ ਨੂੰ ਪਿ੍ਯੰਕਾ ਗਾਂਧੀ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਜੋ ਸਿਆਸਤ ਇਸ ਸਮੇਂ ਪੰਜਾਬ ਵਿਚ ਚਲ ਰਹੀ ਹੈ, ਉਸ ਦੀ ਨੀਅਤ ਪਛਾਣਨੀ ਪਵੇਗੀ | ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿਚ 5 ਸਾਲ ਕਾਂਗਰਸ ਦੀ ਸਰਕਾਰ ਚਲੀ ਤਾਂ ਇਨ੍ਹਾਂ 5 ਸਾਲਾਂ ਦੌਰਾਨ ਵਿਕਾਸ ਵੀ ਹੋਇਆ |
ਪਿ੍ਯੰਕਾ ਗਾਂਧੀ ਨੇ ਕਿਹਾ ਕਿ ਜਦੋਂ ਸਾਨੂੰ ਲੱਗਾ ਕਿ ਸਾਡੀ ਸਰਕਾਰ ਭਾਜਪਾ ਦੇ ਕਹਿਣ 'ਤੇ ਚਲ ਰਹੀ ਹੈ ਤਾਂ ਅਸੀਂ ਬਦਲਾਅ ਕੀਤਾ ਅਤੇ ਇਸ ਨੂੰ ਬਦਲਣਾ ਬੇਹੱਦ ਜ਼ਰੂਰੀ ਸੀ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਏ | ਉਨ੍ਹਾਂ ਕਿਹਾ ਕਿ ਇਹ ਸਾਡਾ ਦਾਅਵਾ ਹੈ ਕਿ ਪੂਰੇ ਦੇਸ਼ ਵਿਚ ਅਜਿਹੀ ਕੋਈ ਸਰਕਾਰ ਨਹੀਂ, ਜਿਸ ਨੇ 111 ਦਿਨਾਂ ਵਿਚ ਇੰਨੇ ਜ਼ਿਆਦਾ ਕੰਮ ਕੀਤੇ ਹੋਣ | ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ 6 ਹਜ਼ਾਰ, 400
ਕਰੋੜ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, 1500 ਕਰੋੜ ਬਿਜਲੀ ਦੇ ਬਿਲ ਮੁਆਫ਼ ਕੀਤੇ, ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹਈਆ ਕਰਵਾਈ, ਬਿਜਲੀ ਦੇ ਰੇਟ 3 ਰੁਪਏ ਪ੍ਰਤੀ ਯੂਨਿਟ ਤਕ ਲਿਆਂਦੇ |
ਪਿ੍ਯੰਕਾ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਅੱਜ ਸੱਭ ਤੋਂ ਵੱਡੀ ਸਮੱਸਿਆ ਮਹਿੰਗਾਈ ਤੇ ਰੁਜ਼ਗਾਰ ਹੈ | ਇਸ ਲਈ ਸੂਬੇ ਨੂੰ ਇਕ ਅਜਿਹੀ ਸਰਕਾਰ ਚਾਹੀਦੀ ਹੈ, ਜੋ ਲੋਕਾਂ ਨੂੰ ਰੁਜ਼ਗਾਰ ਦੇਵੇ | ਪਿ੍ਯੰਕਾ ਗਾਂਧੀ ਨੇ ਕਿਹਾ ਕਿ ਜੇਕਰ ਅਸੀਂ ਔਰਤਾਂ ਨੂੰ 8-8 ਸਿਲੰਡਰ ਦੇਣ ਦੀ ਗੱਲ ਕਰ ਰਹੇ ਹਾਂ ਅਤੇ ਇਸ ਨਾਲ ਹੀ ਮਹਿਲਾ ਸਸ਼ਕਤੀਕਰਨ ਵਲ ਵੀ ਪੂਰਾ ਧਿਆਨ ਦੇ ਰਹੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਨੂੰ ਵੀ ਸਰਕਾਰੀ ਰੁਜ਼ਗਾਰ ਮਿਲੇ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਚਲਾਉਣਾ ਜਾਣਦੀ ਹੈ ਕਿਉਂਕਿ ਉਨ੍ਹਾਂ ਨੇ ਕੰਮ ਕੀਤਾ ਹੈ | ਇਸ ਲਈ ਕਾਂਗਰਸ ਪਾਰਟੀ ਹੀ ਸੂਬੇ ਦਾ ਵਿਕਾਸ ਕਰ ਸਕਦੀ ਹੈ | ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧੂਰੀ ਹਲਕੇ ਦੇ ਲੋਕਾਂ ਨੂੰ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਜਿੱਤ ਦਿਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਆਉਣ ਤੇ ਦਲਵੀਰ ਸਿੰਘ ਗੋਲਡੀ ਨੂੰ ਕੈਬਨਿਟ ਵਿਚ ਉਚ ਦਰਜੇ ਦਾ ਮੰਤਰੀ ਬਣਾਇਆ ਜਾਵੇਗਾ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਪੰਜਾਬ ਵਿਚ ਭਾਰੀ ਬਹੁਮਤ ਨਾਲ ਮੁੜ ਕਾਂਗਰਸ ਦੀ ਸਰਕਾਰ ਬਣਾਉਣਗੇ |
ਇਸ ਮੌਕੇ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਅਤੇ ਸਿਮਰਤ ਖੰਗੂੜਾ ਨੇ ਪਿ੍ਯੰਕਾ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਮੇਤ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਧੂਰੀ ਹਲਕੇ ਵਿਚ ਪਹੁੰਚਣ ਤੇ ਧਨਵਾਦ ਕਰਦਿਆਂ ਕਿਹਾ ਕਿ ਉਹ ਧੂਰੀ ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਪਿਆਰ ਦੇ ਸਦਾ ਰਿਣੀ ਰਹਿਣਗੇ | ਇਸ ਮੌਕੇ ਮੰਚ ਸੰਚਾਲਨ ਦੀ ਕਾਰਵਾਈ ਸਿਮਰਤ ਖੰਗੂੜਾ ਵਲੋਂ ਨਿਭਾਈ ਗਈ | ਇਸ ਮੌਕੇ ਹਨੀ ਤੂਰ, ਮੁਨੀਸ਼ ਕੁਮਾਰ ਗਰਗ ਚੇਅਰਮੈਨ ਮਾਰਕੀਟ ਕਮੇਟੀ ਧੂਰੀ, ਸੀਨੀਅਰ ਕਾਂਗਰਸੀ ਆਗੂ ਗੁਰਬਖ਼ਸ਼ ਸਿੰਘ ਗੁੱਡੂ, ਜਗਤਾਰ ਸਿੰਘ ਤਾਰਾ ਬੇਨੜਾ, ਅੱਛਰਾ ਸਿੰਘ ਭਲਵਾਨ , ਇੰਦਰਪਾਲ ਸਿੰਘ ਗੋਲਡੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ , ਕਾਂਗਰਸੀ ਆਗੂ ਲਖਵੀਰ ਸਿੰਘ ਬਮਾਲ , ਰਵੀ ਕਹੇਰੂ , ਗੋਬਿੰਦਰ ਸਿੰਘ ਖੰਗੂੜਾ ਜ਼ਿਲ੍ਹਾ ਪ੍ਰਧਾਨ ਯੂਥ , ਨਵੀਨ ਸੇਠ, ਸਰਪੰਚ ਮਿੱਠੂ ਲੱਡਾ, ਜਗਜੀਤ ਸਿੰਘ ਰਾਏ ਸਾਬਕਾ ਪ੍ਰਧਾਨ ਟਰੱਕ ਯੂਨੀਅਨ , ਹਰਦੀਪ ਸਿੰਘ ਸਰਪੰਚ ਦੌਲਤਪੁਰ ਆਦਿ ਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਤੇ ਕਾਂਗਰਸੀ ਵਰਕਰ ਹਾਜ਼ਰ ਸਨ |