
ਹੁਸ਼ਿਆਰਪੁਰ ਤੋਂ ਬਾਅਦ ਹੁਣ ਸੁਜਾਨਪੁਰ ਵੀ ਰੋਕਿਆ ਮੁੱਖ ਮੰਤਰੀ ਦਾ ਹੈਲੀਕਾਪਟਰ
ਸੁਜਾਨਪੁਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਹੁਸ਼ਿਆਰਪੁਰ ਤੋਂ ਬਾਅਦ ਹੁਣ ਸੁਜਾਨਪੁਰ ਤੋਂ ਵੀ ਮੁੜ ਉਡਾਉਣ ਦੀ ਮਨਜ਼ਰੂੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੀ ਅੱਜ ਜਲੰਧਰ ’ਚ ਰੈਲੀ ਸੀ ਜਿਸ ਕਾਰਨ ਇਲਾਕੇ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ। ਇਸ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਉਡਾਉਣ ਦੀ ਪ੍ਰਸ਼ਾਸਨ ਵਲੋਂ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।
cm charanjit singh channi
ਸੁਜਾਨਪੁਰ ਤੋਂ ਦੁਬਾਰਾ ਹੈਲੀਕਾਪਟਰ ਰੋਕੇ ਜਾਣ ’ਤੇ ਮੁੱਖ ਮੰਤਰੀ ਚੰਨੀ ਗੁੱਸੇ ’ਚ ਭੜਕ ਗਏ। ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਕੋਈ ਅਤਿਵਾਦੀ ਨਹੀਂ ਹਾਂ। ਸਵੇਰੇ ਮੇਰੇ ਹੈਲੀਕਾਪਟਰ ਨੂੰ ਹੁਸ਼ਿਆਰਪੁਰ ਤੋਂ ਰੋਕ ਦਿੱਤਾ ਗਿਆ ਸੀ ਅਤੇ ਹੁਣ ਸੁਜਾਨਪੁਰ ਤੋਂ ਰੋਕ ਦਿੱਤਾ ਗਿਆ। ਚੰਨੀ ਨੇ ਕਿਹਾ ਕਿ ਮੈਨੂੰ ਬਿਨ੍ਹਾ ਕਿਸੇ ਕਾਰਨ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਜਿਹਾ ਸਭ ਕੁਝ ਸਿਆਸੀ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਹੈ। ਇੱਕ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਰੋਕਣਾ ਬਹੁਤ ਗ਼ਲਤ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ, ''ਸਾਡਾ ਪੰਜਾਬ ਸਾਡੇ ਹੱਥਾਂ ਵਿਚ ਸੁਰੱਖਿਅਤ ਹੈ ਪਰ ਮੈਂ ਇਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਚਰਨਜੀਤ ਚੰਨੀ ਮੁੱਖ ਮੰਤਰੀ ਹੈ ਕੋਈ ਅਤਿਵਾਦੀ ਨਹੀਂ ਹੈ। ਤੁਸੀਂ ਅੱਜ ਮੈਨੂੰ ਸਾਡੀ ਹੁਸ਼ਿਆਰਪੁਰ ਰੈਲੀ ਵਿਚ ਜਾਣ ਤੋਂ ਰੋਕਿਆ ਹੈ। ਇਹ ਕੋਈ ਤਰੀਕਾ ਨਹੀਂ ਹੈ। ਨਿਰਪੱਖ ਚੋਣਾਂ ਕਰਵਾਉ, ਬਿਨ੍ਹਾਂ ਮਤਲਬ ਦੇ ਜੋ ਹੱਥਕੰਡੇ ਅਪਣਾਏ ਜਾ ਰਹੇ ਹਨ ਅਤੇ ਤੁਹਾਡੀਆਂ ਏਜੰਸੀਆਂ ਤੰਗ ਕਰ ਰਹੀਆਂ ਹਨ ਉਹ ਨਹੀਂ ਚੱਲਣਗੇ।''
cm charanjit singh channi
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਹੁਸ਼ਿਆਰਪੁਰ ਵਿਚ ਕੀਤੀ ਜਾਣ ਵਾਲੀ ਚੋਣ ਰੈਲੀ ਵਿਚ ਮੁੱਖ ਮੰਤਰੀ ਚੰਨੀ ਨੇ ਵੀ ਸ਼ਾਮਲ ਹੋਣਾ ਸੀ ਪਰ ਹੈਲੀਕਾਪਟਰ ਨੂੰ ਮਨਜ਼ੂਰੀ ਨਾ ਮਿਲਣ ਕਾਰਨ ਮੁੱਖ ਮੰਤਰੀ ਚੰਨੀ ਇਸ ਰੈਲੀ ਵਿੱਚ ਪਹੁੰਚ ਨਹੀਂ ਸਕੇ।
ਮੁੱਖ ਮੰਤਰੀ ਚੰਨੀ ਨੂੰ ਹੁਸ਼ਿਆਰਪੁਰ ਤੋਂ ਸੁਜਾਨਪੁਰ ਭੇਜ ਦਿੱਤਾ ਗਿਆ ਅਤੇ ਹੁਣ ਸੁਜਾਨਪੁਰ ਤੋਂ ਵੀ ਚੰਨੀ ਦੇ ਹੈਲੀਕਾਪਟਰ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਮੁੱਖ ਮੰਤਰੀ ਚੰਨੀ ਨੇ ਹੁਣ ਜਲੰਧਰ ’ਚ ਹੋਣ ਵਾਲੀ ਰੈਲੀ ’ਚ ਪਹੁੰਚਣਾ ਹੈ, ਜਿਸ ਕਾਰਨ ਉਹ ਕਾਰ ’ਚ ਸਫ਼ਰ ਕਰ ਰਹੇ ਹਨ।