
ਸਾਡੀ ਸਰਕਾਰ ਬਣੀ ਤਾਂ ਗ਼ਰੀਬਾਂ, ਕਿਸਾਨਾਂ ਨੂੰ ਮੁਫ਼ਤ ’ਚ ਮਿਲੇਗਾ ਪਟਰੌਲ-ਡੀਜ਼ਲ ਤੇ ਖਾਦ : ਅਖਿਲੇਸ਼
ਹਾਥਰਸ, 13 ਫ਼ਰਵਰੀ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਗ਼ਰੀਬਾਂ ਅਤੇ ਛੋਟੇ ਕਿਸਾਨਾਂ ਨੂੰ ਮੁਫ਼ਤ ਖਾਦ ਅਤੇ ਮੁਫ਼ਤ ਡੀਜ਼ਲ-ਪਟਰੌਲ ਦਿਤੇ ਜਾਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਸੱਤਾਧਾਰੀ ਭਾਜਪਾ ਪਾਰਟੀ ਨੂੰ ਉਖਾੜ ਸੁੱਟਣ ਅਤੇ ਸਮਾਜਵਾਦੀ ਪਾਰਟੀ ਗਠਜੋੜ ਨੂੰ ਚੋਣਾਂ ’ਚ ਮਦਦ ਕਰਨ ਦੀ ਅਪੀਲ ਕੀਤੀ। ਹਾਥਰਸ ਜ਼ਿਲ੍ਹੇ ’ਚ ਸਿਕੰਦਰਾਰਾਊ ਦੀ ਚੁਣਾਵੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸਪਾ ਮੁਖੀ ਯਾਦਵ ਨੇ ਭਾਜਪਾ ਪਾਰਟੀ ਦੀ ਸਰਕਾਰ ’ਚ ਖਾਦ ਦੀ ਕਿੱਲਤ ਦਾ ਜ਼ਿਕਰ ਕੀਤਾ।
ਅਖਿਲੇਸ਼ ਨੇ ਅੱਗੇ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੀ ਤਾਂ ਛੋਟੇ ਕਿਸਾਨਾਂ ਨੂੰ ਖਾਦ ਅਤੇ ਡੀ.ਏ.ਪੀ. ਮੁਫ਼ਤ ਦਿਤੀ ਜਾਵੇਗੀ ਅਤੇ ਕਿਸਾਨਾਂ ਨੂੰ ਘਟੋ-ਘੱਟ ਸਮਰਥਨ ਮੁੱਲ ਦਿਵਾਉਣ ਲਈ ਨਿਯਮ ਬਣਾ ਕੇ ਖ਼ਰੀਦ ਕਰਨਗੇ। ਅਖਿਲੇਸ਼ ਨੇ ਕਿਹਾ ਕਿ ਕਿਸਾਨ ਮਹਿੰਗਾਈ ਤੋਂ ਤਕਲੀਫ਼ ਵਿਚ ਹੈ, ਡੀਜ਼ਲ-ਪਟਰੌਲ ਮਹਿੰਗਾ ਹੋ ਗਿਆ ਅਤੇ ਇਹ ਭਾਜਪਾ ਵਾਲੇ ਕਹਿੰਦੇ ਸਨ ਕਿ ਹਵਾਈ ਚੱਪਲ ਵਾਲੇ ਹਵਾਈ ਜਹਾਜ਼ ਤੋਂ ਚਲਣਗੇ ਪਰ ਜਦੋਂ ਤੋਂ ਡੀਜ਼ਲ-ਪਟਰੌਲ ਮਹਿੰਗਾ ਹੋਇਆ ਹੈ, ਗ਼ਰੀਬਾਂ ਦੀ ਗੱਡੀ ਨਹੀਂ ਚਲ ਰਹੀ। ਸਪਾ ਨੇ ਤੈਅ ਕੀਤਾ ਹੈ ਕਿ ਪਟਰੌਲ ਵੀ ਮੁਫ਼ਤ ਦੇਣਾ ਪਿਆ ਤਾਂ ਉਸ ਨੂੰ ਵੀ ਦੇਣ ਦਾ ਕੰਮ ਕੀਤਾ ਜਾਵੇਗਾ। ਯਾਦਵ ਨੇ ਕਿਹਾ ਕਿ ਸਪਾ ਦੀ ਸਰਕਾਰ ਬਣੇਗੀ ਤਾਂ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ।
(ਪੀਟੀਆਈ)