
ਵਿਦਿਅਕ ਅਤੇ ਸਿਹਤ ਸੇਵਾਵਾਂ ਦਾ ਪਛੜਾਪਣ ਦੂਰ ਕਰਨ ਲਈ ਕਰਾਂਗੇ ਵਿਸ਼ੇਸ਼ ਯਤਨ : ਸੁਖਬੀਰ ਬਾਦਲ
ਭੀਖੀ, 13 ਫਰਵਰੀ (ਬਹਾਦਰ ਖ਼ਾਨ) : ਸਥਾਨਕ ਅਨਾਜ਼ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਹਲਕਾ ਪਧਰੀ ਰੈਲੀ ਨੂੰ ਸੰਬੋਧਨ ਕਰਦੇ ਕਿਹਾ ਕਿ ਮਾਨਸਾ ਦੇ ਵਿਦਿਅਕ ਅਤੇ ਸਿਹਤ ਸੇਵਾਵਾਂ ਦੀਆਂ ਕਮੀਆਂ ਪੂਰਨ ਲਈ ਸੱਤਾ ਵਿਚ ਆਉਣ 'ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਮੈਡੀਕਲ ਕਾਲਜ ਦੀ ਸਥਾਪਨਾ ਤੋਂ ਇਲਾਵਾ 5 ਹਜ਼ਾਰ ਆਬਾਦੀ ਪਿੱਛੇ ਵਿਸ਼ੇਸ਼ ਮਲਟੀਪਰਪਜ਼ ਸਰਕਾਰੀ ਸਕੂਲ ਖੋਲ੍ਹੇ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਇਕ ਕੰਪਲੈਕਸ ਵਿਚ ਹਰ ਤਰ੍ਹਾਂ ਦੀ ਸਿਖਿਆ ਮੁਹਈਆ ਕਰਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਆਗਾਮੀ ਸਮੇਂ ਵਿਚ ਪਾਣੀ ਦੀ ਹੋ ਰਹੀ ਗੰਭੀਰ ਸਮੱਸਿਆ ਦੇ ਹੱਲ ਲਈ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਹਰ ਖੇਤ ਤਕ ਜ਼ਮੀਨਦੋਜ਼ ਪਾਈਪਾਂ ਰਾਹੀਂ ਪਾਣੀ ਪਹੁੰਚਾਇਆ ਜਾਵੇਗਾ |
ਉਨ੍ਹਾਂ ਵਾਅਦਿਆਂ ਦਾ ਪਿਟਾਰਾ ਖੋਲ੍ਹਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਸਿਖਿਆ ਹਾਸਲ ਕਰਨ ਲਈ 10 ਲੱਖ ਰੁਪਏ, ਸਵੈ-ਰੁਜ਼ਗਾਰ ਲਈ 5 ਲੱਖ, ਬੇਘਰਿਆਂ ਲਈ ਪਲਾਟ ਤੋਂ ਇਲਾਵਾ ਹਰ ਨੀਲਾ ਕਾਰਡ ਧਾਰਕ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਮਦਦ ਜਾਵੇਗੀ | ਸਰਦਾਰ ਬਾਦਲ ਨੇ ਕੇਜਰੀਵਾਲ ਨੂੰ ਪੰਜਾਬ ਦੋਖ਼ੀ ਦਸਦਿਆਂ ਕਿਹਾ ਕਿ ਜੇਕਰ ਤੁਸੀਂ ਉਸ ਨੂੰ ਵੋਟ ਦੇ ਦਿਤੀ ਤਾਂ ਉਹ ਸੱਤਾ ਹਾਸਲ ਕਰ ਕੇ ਸੁਪਰੀਮ ਕੋਰਟ ਰਾਹੀਂ ਪੰਜਾਬ ਦਾ ਪਾਣੀ ਦਿੱਲੀ ਲੈ ਜਾਵੇਗਾ | ਪ੍ਰਦੂਸ਼ਨ ਦੇ ਨਾਮ 'ਤੇ ਸੂਬੇ ਦੇ ਥਰਮਲ ਪਲਾਟਾਂ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਨਾਂ 'ਤੇ ਕਿਸਾਨੀ ਨੂੰ ਵੀ ਪ੍ਰੇਸ਼ਾਨ ਕਰੇਗਾ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਦੇ ਲੋਕਾਂ ਦੇ ਹਰ ਦੁੁੱਖ-ਸੁੱਖ ਦੇ ਸਾਥੀ ਦਸਦਿਆਂ ਅਕਾਲੀ ਉਮੀਦਵਾਰ ਪ੍ਰੇਮ ਅਰੋੜਾ ਲਈ ਵੋਟ ਦੀ ਮੰਗ ਕੀਤੀ |
ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੰੂਦੜ ਨੇ ਕਿਹਾ ਕਿ ਪੰਜਾਬ ਦੇ ਲੋਕ ਅਣਖ਼ੀ ਅਤੇ ਬਹਾਦਰ ਜਰਨੈਲਾਂ ਦੇ ਵੰਸ਼ਜ ਹਨ ਉਹ ਕੇਜਰੀਵਾਲ ਵਰਗੇ ਧਾੜਵੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਭਰੋਸੇ ਯੋਗਤਾ ਤੇ ਟਿਪਣੀ ਕਰਦਿਆਂ ਕਿਹਾ ਕਿ ਇਹ ਦਲਬਦਲੂ ਭੌਰੇ ਹਨ, ਇਨ੍ਹਾਂ ਦੀ ਆਦਤ ਕਦੇ ਇਸ ਫੁੱਲ-ਕਦੇ ਉਸ ਫੁੱਲ ਦੀ ਖ਼ੁਸ਼ਬੂ ਸੁੰਘਣ ਦੀ ਹੈ |
ਉਨ੍ਹਾਂ ਕੇਜਰੀਵਾਲ ਨੂੰ ਬੇਗੈਰਤ ਦਸਦੇ ਕਿਹਾ ਕਿ ਅਪਣੀ ਹਿਤਾਂ ਲਈ ਹਮੇਸ਼ਾ ਝੂਠ ਦਾ ਸਹਾਰਾ ਲੈਂਦਾ ਹੈ ਇਸ ਦਾ ਪੁਖ਼ਤਾ ਪ੍ਰਮਾਣ ਮਜੀਠੀਆ ਤੋਂ ਮੁਆਫ਼ੀ ਮੰਗਣਾ ਹੈ ਜੋ ਸੂਬੇ ਦੇ ਹਰ ਵਾਸ਼ਿੰਦੇ ਨੂੰ ਪਤਾ ਹੈ | ਅਕਾਲੀ ਉਮੀਦਵਾਰ ਪ੍ਰੇਮ ਅਰੋੜਾ ਨੇ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਉਹ ਨਿਮਾਣਾ ਹੋ ਕੇ ਲੋਕ ਸੇਵਾ ਕਰੇਗਾ | ਰੈਲੀ ਵਿਚ ਹੋਰਨਾਂ ਤੋਂ ਇਲਾਵਾ ਬਸਪਾ ਦੇ ਆਤਮਾ ਸਿੰਘ ਪਮਾਰ, ਕੁਲਦੀਪ ਸਿੰਘ, ਸਰਵਰ ਕੁਰੈਸ਼ੀ, ਸੁਖਦੇਵ ਸਿੰਘ ਫਰਵਾਹੀ, ਕੁਲਸ਼ੇਰ ਰੂਬਲ, ਬਲਦੇਵ ਸਿੰਘ ਮਾਖਾ, ਕਰਮਜੀਤ ਕੌਰ ਸਮਾਓ ਅਤੇ ਜਗਸੀਰ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ |
ਫੋਟੋ ਕੈਪਸ਼ਨ:ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਵੀਰ ਸਿੰਘ ਬਾਦਲ |
Mansa_13_652_6_3_2