
Punjab News: ਬਜ਼ੁਰਗ ਔਰਤ ਵਲੋਂ ਵਿਰੋਧ ਕਰਨ ’ਤੇ ਬਦਮਾਸ਼ਾਂ ਨੇ ਸਿਰ ’ਤੇ ਕੀਤੇ ਵਾਰ
Punjab News: ਪੰਜਾਬ ਦੇ ਅਬੋਹਰ ਦੇ ਪਿੰਡ ਚੂਹੜੀਵਾਲਾ ਧੰਨਾ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਬੀਤੀ ਰਾਤ ਕਰੀਬ 1 ਵਜੇ ਦੋ ਲੁਟੇਰਿਆਂ ਨੇ ਇਕ ਘਰ ਵਿਚ ਦਾਖ਼ਲ ਹੋ ਕੇ 85 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿਤਾ। ਮ੍ਰਿਤਕਾ ਦੀ ਪਛਾਣ ਖੇਤੀ ਬਾਈ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।
ਮ੍ਰਿਤਕਾ ਦੇ ਵੱਡੇ ਪੁੱਤਰ ਰਾਮ ਚੰਦ ਨੇ ਦਸਿਆ ਕਿ ਘਟਨਾ ਦੇ ਸਮੇਂ ਖੇਤੀ ਬਾਈ ਵਰਾਂਡੇ ਵਿਚ ਸੌਂ ਰਹੀ ਸੀ, ਜਦੋਂਕਿ ਪਰਵਾਰ ਦੇ ਹੋਰ ਮੈਂਬਰ ਅੰਦਰਲੇ ਕਮਰਿਆਂ ਵਿਚ ਸੁੱਤੇ ਹੋਏ ਸਨ। ਰਾਤ ਨੂੰ ਘਰ ਵਿਚ ਦਾਖ਼ਲ ਹੋਏ ਲੁਟੇਰਿਆਂ ਨੇ ਔਰਤ ਤੋਂ ਉਸ ਦੇ ਕੰਨਾਂ ਦੀਆਂ ਵਾਲੀਆਂ ਅਤੇ ਸੋਨੇ ਦਾ ਨੱਕ ਦਾ ਕੋਕਾ ਖੋਹ ਲਿਆ। ਜਦੋਂ ਔਰਤ ਨੇ ਵਿਰੋਧ ਕੀਤਾ ਅਤੇ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿਤਾ। ਉਸ ਨੇ ਦਸਿਆ ਕਿ ਰੌਲਾ ਸੁਣ ਕੇ ਜਦੋਂ ਤਕ ਉਹ ਬਾਹਰ ਆਇਆ ਤਾਂ ਉਸ ਦੀ ਮਾਂ ਦੀ ਮੌਤ ਹੋ ਚੁਕੀ ਸੀ। ਸੀਸੀਟੀਵੀ ਫੁਟੇਜ ਵਿਚ ਦੋ ਲੁਟੇਰੇ ਭੱਜਦੇ ਨਜ਼ਰ ਆ ਰਹੇ ਹਨ। ਘਟਨਾ ਦੀ ਸੂਚਨਾ ਤੁਰਤ ਥਾਣਾ ਖੂਖੇੜਾ ਪੁਲਿਸ ਨੂੰ ਦਿਤੀ ਗਈ।
ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਡੌਗ ਸਕੁਐਡ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿਤਾ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।