
ਪੂਰੀ ਸਰਕਾਰ ਦਿੱਲੀ ਛੱਡ ਕੇ ਬੰਗਾਲ 'ਚ ਚੋਣ ਪ੍ਰਚਾਰ ਕਰਨ 'ਚ ਵਿਅਸਤ, ਇਸ ਲਈ ਅਸੀਂ ਵੀ ਇਥੇ ਪੁੱਜ ਗਏ: ਟਿਕੈਤ
ਕੋਲਕਾਤਾ, 13 ਮਾਰਚ : ਪਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚਲੇ ਗਾਂਧੀ ਬੁੱਤ ਕੋਲ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਮਹਾਪੰਚਾਇਤ ਕੀਤੀ | ਇਸ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ, ਮੇਧਾ ਪਾਟਕਰ ਸਣੇ ਕਈ ਆਗੂਆਂ ਨੇ ਸੰਬੋਧਨ ਕੀਤਾ | ਪਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸਾਨ ਆਗੂ ਉਥੇ ਪੁੱਜੇ ਹੋਏ ਹਨ |
ਉਹ ਲੋਕਾਂ ਨੂੰ ਕੇਂਦਰ ਦੀਆਂ ਕਿਸਾਨ, ਮਜ਼ਦੂਰ, ਆਮ ਲੋਕਾਂ ਤੇ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੇ ਹਨ | ਬੁਲਾਰਿਆਂ ਨੇ ਲੋਕਾਂ ਨੂੰ ਕਿਹਾ ਕਿ ਉਹ ਚੋਣਾਂ ਵਿਚ ਭਾਜਪਾ ਨੂੰ ਮੂੰਹ ਤੋੜ ਜੁਆਬ ਦੇਣ ਤਾਂ ਜੋ ਦੇਸ਼ ਦੀ ਹਕੂਮਤ ਨੂੰ ਆਮ ਲੋਕਾਂ ਦੀ ਤਾਕਤ ਦਾ ਅੰਦਾਜ਼ਾ ਲੱਗ ਸਕੇ |
ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪ੍ਰਾਂਤਾਂ, ਭਾਸ਼ਾ ਤੇ ਧਰਮ ਦੇ ਆਧਾਰ 'ਤੇ ਵੰਡਣਾ ਚਾਹੁੰਦੀ ਹੈ ਪਰ ਅਸੀਂ ਜਾਣਦੇ ਹਾਂ ਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਧਰਮ ਕਿਸਾਨੀ ਹੈ ਤੇ ਸਾਰੇ ਕਿਸਾਨ ਸਰਕਾਰ ਦੀ ਮਨਸ਼ਾ ਨੂੰ ਜਾਣਦੇ ਹਨ ਇਸ ਲਈ ਚੋਣਾਂ ਵਾਲੇ ਸੂਬਿਆਂ ਦੇ ਕਿਸਾਨਾਂ ਨੂੰ ਵੀ ਸੰਯੁਕਤ ਮੋਰਚੇ ਦੀ ਮਦਦ ਕਰਨੀ ਚਾਹੀਦੀ ਹੈ ਤੇ ਭਾਜਪਾ ਵਿਰੁਧ ਭੁਗਤ ਕੇ ਦੱਸ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਵੰਡ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਪੂਰੀ ਸਰਕਾਰ ਦਿੱਲੀ ਛੱਡ ਕੇ ਬੰਗਾਲ 'ਚ ਚੋਣ ਪ੍ਰਚਾਰ ਕਰਨ 'ਚ ਵਿਅਸਤ ਹੈ | ਇਸ ਲਈ ਸਾਡੇ ਸਾਰੇ ਆਗੂ ਵੀ ਇਥੇ ਪਹੁੰਚ ਗਏ | ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਗੇ ਅਸੀਂ ਵੀ ਉਥੇ ਹੀ ਜਾਵਾਂਗੇ |
ਇਸ ਸਮੇਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਪਿਛਲੇ 107 ਦਿਨਾਂ ਤੋਂ ਬੈਠੇ ਹੋਏ ਹਨ ਪਰ ਸਰਕਾਰ ਇੰਨੀ ਢੀਠ ਬਣੀ ਹੋਈ ਹੈ ਕਿ ਉਹ ਦਿੱਲੀ ਨੇੜਲੇ ਕਿਸਾਨਾਂ ਨਾਲ ਸੰਪਰਕ ਕਰਨ ਦੀ ਥਾਂ ਦੇਸ਼ ਦੇ ਦੂਜਿਆਂ ਹਿੱਸਿਆਂ ਵਿਚ ਜਾ ਕੇ ਭੋਲੇ-ਭਾਲੇ ਕਿਸਾਨਾਂ ਨੂੰ ਸ਼ਬਦ ਜਾਲ ਵਿਚ ਫਸਾ ਰਹੀ ਹੈ ਤੇ ਉਨ੍ਹਾਂ ਤੋਂ ਨਵੇਂ ਖੇਤੀ ਕਾਨੂੰਨਾਂ ਦੇ ਮਾੜੇ ਪੱਖ ਲੁਕਾ ਕੇ ਰਖਦੀ ਹੈ | ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਦੇ ਸਾਰੇ ਮਾੜੇ ਪੱਖ ਦੱਸ ਚੁਕੇ ਹਨ ਪਰ ਸਰਕਾਰ ਨੇ ਇਕੋ ਰਟ ਲਾ ਰੱਖੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਹਨ | ਰਾਜੇਵਾਲ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਪੱਖੀ ਨਹੀਂ ਬਲਕਿ ਕਾਰਪੋਰੇਟਾਂ ਪੱਖੀ ਹਨ |