
ਅੰਮ੍ਰਿਤਸਰ ’ਚ ਕਾਂਗਰਸ ਨੂੰ ਵੱਡਾ ਝਟਕਾ, 16 ਕੌਂਸਲਰ ‘ਆਪ’ ਵਿਚ ਹੋਏ ਸ਼ਾਮਲ
ਅੰਮ੍ਰਿਤਸਰ, 13 ਮਾਰਚ (ਪਪ) : ਪੰਜਾਬ ਵਿਧਾਨ ਸਭਾ ’ਚ ਹੂੰਝਾ ਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੋਰ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਵਿਧਾਨ ਸਭਾ ਚੋਣਾਂ ’ਚ ਵੋਟਾਂ ਤੋਂ ਕੱੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਰਿੰਟੂ ਦੇ ਨਾਲ ਉਸ ਸਮੇਂ ਚਾਰ ਕਾਂਗਰਸੀ ਕੌਂਸਲਰ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ ਪਰ ਅੱਜ ਇਕ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਾ ਜਦ 16 ਹੋਰ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ।
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਇਨ੍ਹਾਂ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ। ਕਾਂਗਰਸੀ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਤੇ ਕਾਂਗਰਸ ਤੋਂ ਵੱਖ ਹੋਣਾ ਇਕ ਨਵੀਂ ਚੁਣੌਤੀ ਸਾਹਮਣੇ ਲੈ ਕੇ ਆਇਆ ਸੀ। ਕੌਂਸਲਰਾਂ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਇਕ ਪੱਤਰ ਦਿਤਾ ਗਿਆ ਸੀ ਕਿ ਕਰਮਜੀਤ ਸਿੰਘ ਰਿੰਟੂ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿਚ ਜਾ ਚੁੱਕੇ ਹਨ ਇਸ ਲਈ ਉਨ੍ਹਾਂ ਨੂੰ ਹੁਣ ਬਹੁਮਤ ਸਾਬਤ ਕਰਨ ਦੀ ਲੋੜ ਹੈ। ਰਿੰਟੂ ਨੇ ਅਪਣੇ ਬਹੁਮਤ ਸਾਬਤ ਕਰਨ ਲਈ ਕਾਂਗਰਸ ਦੇ ਹੀ ਕੌਂਸਲਰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਾ ਦਿਤੇ ਹਨ, ਪਹਿਲਾਂ ਹੀ 21 ਮਾਰਚ ਨੂੰ ਹਾਊਸ ਦੀ ਮੀਟਿੰਗ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸੱਦੀ ਗਈ ਹੈ।
ਫ਼ੋਟੋ : ਅੰਮ੍ਰਿਤਸਰ ਏ