
ਕੇਜਰੀਵਾਲ, ਭਗਵੰਤ ਮਾਨ ਤੇ 92 ਵਿਧਾਇਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਅੰਮ੍ਰਿਤਸਰ, 13 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ‘ਆਪ’ ਵਲੋਂ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੋਨੀਤ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, 92 ਵਿਧਾਇਕਾਂ ਅਤੇ ਹੋਰ ਉਚ ਅਹੁਦੇਦਾਰਾਂ ਨੇ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦਿਆਂ ਗੁਰੁੂ ਘਰ ਵਿਚੋਂ ਭਵਿੱਖ ਦੀ ਸਫ਼ਲਤਾ ਲਈ ਅਸ਼ੀਰਵਾਦ ਲੈਂਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਠਾਠਾਂ ਮਾਰਦੇ ਇਕੱਠ ਵਿਚ ਉਨ੍ਹਾਂ ਗੁਰੂ ਘਰ ਦੇਗ ਤੇ ਰੁਮਾਲਾ ਭੇਟ ਕੀਤਾ। ਉਪਰੰਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਸੂਚਨਾ ਕੇਂਦਰ ਵਿਖੇ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਸ਼ਹੀਦਾਂ ਦੀ ਪਵਿੱਤਰ ਧਰਤੀ ਜਲਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਅਕੀਦਤ ਫੁੱਲ ਭੇਟ ਕੀਤੇ। ਇਸ ਦੌਰਾਨ ਉਹ ਦੁਰਗਿਆਨਾ ਮੰਦਰ ਤੇ ਭਗਵਾਨ ਵਾਲਮੀਕ ਤੀਰਥ ਵੀ ਮੱਥਾ ਟੇਕਿਆ ਜਿਥੋਂ ਦੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ।
ਕੈਪਸ਼ਨ-ਏ ਐਸ ਆਰ ਬਹੋੜੂ 13 1 ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਦੌਰਾਨ ਦੀਆਂ ਵੱਖ-ਵੱਖ ਤਸਵੀਰਾਂ।