
ਹੋਲਾ ਮਹੱਲਾ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ
ਸ੍ਰੀ ਕੀਰਤਪੁਰ ਸਾਹਿਬ, 14 ਮਾਰਚ (ਜੰਗ ਬਹਾਦਰ ਸਿੰਘ): ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਲਾਨਾ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਦਾ ਪਹਿਲਾ ਪੜਾਅ ਅੱਜ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਆਰੰਭ ਹੋ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅਰੰਭਤਾ ਦੀ ਅਰਦਾਸ ਕੀਤੀ ਗਈ।
ਇਸ ਵਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦਾ ਪਹਿਲਾ ਪੜਾਅ ਅੱਜ ਤੋਂ ਸ਼ੁਰੂ ਹੋ ਕੇ 16 ਮਾਰਚ ਤਕ ਚਲੇਗਾ ਅਤੇ 17 ਮਾਰਚ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੇਲੇ ਦਾ ਦੂਸਰਾ ਪੜਾਅ ਆਰੰਭ ਹੋ ਜਾਵੇਗਾ ਤੇ ਮੇਲੇ ਦੀ ਸਮਾਪਤੀ 19 ਮਾਰਚ ਨੂੰ ਹੋਵੇਗੀ। ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਗੁਰੂ ਘਰਾਂ ਵਿਚ ਹਾਜ਼ਰੀਆਂ ਭਰਦੀਆਂ ਹਨ ਅਤੇ ਕਥਾ, ਕੀਰਤਨ ਵਿਚਾਰਾਂ ਦਾ ਅਨੰਦ ਮਾਣਦੀਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਲਈ ਲੰਗਰ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਸੰਗਤਾਂ ਦੇ ਠਹਿਰਾਅ ਲਈ ਵੀ ਇੰਤਜ਼ਾਮ ਕੀਤੇ ਗਏ ਹਨ, ਨਗਰੀ ਦੇ ਸਾਰੇ ਹੀ ਗੁਰਦਵਾਰਾ ਸਾਹਿਬ ਨੂੰ ਦੀਪਮਾਲਾ ਕਰ ਕੇ ਸੁੰਦਰ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਆ ਕੇ ਸੰਗਤਾਂ ਵੀ ਵੰਨ ਸੁਵੰਨੇ ਪਕਵਾਨਾਂ ਦੇ ਲੰਗਰ ਲਗਾਉਂਦੀਆਂ ਹਨ। ਇਸ ਮੌਕੇ ਗਿਆਨੀ ਰਘਬੀਰ ਸਿੰਘ ਅਤੇ ਐਸ ਜੀ ਪੀ ਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਦਸਿਆ ਕਿ ਕਮੇਟੀ ਵਲੋਂ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਲੇ ਦੌਰਾਨ 20 ਕਿਲੋਮੀਟਰ ਤਕ ਕੋਈ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਜ਼ਖ਼ਮੀ ਨੂੰ 50,000 ਰੁ ਅਤੇ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ 10,0000 ਰੁਪਏ ਤਕ ਦੀ ਸਹਾਇਤਾ ਰਾਸ਼ੀ ਦਿਤੀ ਜਾਵੇਗੀ।