
ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਆਗੂਆਂ ਵੱਲ ਧਿਆਨ ਨਾ ਦੇਣ ਜਿਨ੍ਹਾਂ ਨੇ ਪਿਛਲੇ 5 ਸਾਲਾਂ ਤੋਂ ਭਾਈ-ਭਤੀਜਾਵਾਦ, ਪਰਿਵਾਰਵਾਦ ਦਾ ਪੱਖ ਪੂਰਿਆ ਹੈ।
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨ ਪਿਆ ਜਿਸ ਨੂੰ ਲੈ ਕੇ ਪਾਰਟੀ ਦੇ ਆਗੂ ਹੀ ਇਕ ਦੂਜੇ ਨੂੰ ਸਲਾਹ ਦੇ ਰਹੇ ਹਨ ਤੇ ਤੰਜ਼ ਕੱਸ ਰਹੇ ਹਨ। ਉੱਥੇ ਹੀ ਕਾਂਗਰਸ ਦੇ ਬੁਲਾਰੇ ਨੇ ਵੀ ਅੱਜ ਟਵੀਟ ਕਰ ਕੇ ਕਾਂਗਰਸ ਵਰਕਰਾਂ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ।
ਕਾਂਗਰਸ ਬੁਲਾਰੇ ਮਨਜੋਤ ਸਿੰਘ ਨੇ ਟਵੀਟ ਕਰ ਕੇ ਲਿਖਿਆ ਕਿ ''ਕਾਂਗਰਸ ਪਾਰਟੀ ਨੂੰ ਉਹਨਾਂ ਉਮੀਦਵਾਰਾਂ ਤੋਂ ਸਲਾਹ ਲੈਣ ਦੀ ਲੋੜ ਨਹੀਂ ਜੋ ਕਾਂਗਰਸ ਸਰਕਾਰ ਵਿਚ ਮੰਤਰੀ ਬਣੇ ਰਹੇ ਤੇ ਚੋਣਾਂ ਵਿਚ ਹਾਰ ਗਏ। ਮੈਂ ਕਾਂਗਰਸ ਪਾਰਟੀ ਦੇ ਵਰਕਰਾਂ, ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਆਗੂਆਂ ਵੱਲ ਧਿਆਨ ਨਾ ਦੇਣ ਜਿਨ੍ਹਾਂ ਨੇ ਪਿਛਲੇ 5 ਸਾਲਾਂ ਤੋਂ ਭਾਈ-ਭਤੀਜਾਵਾਦ, ਪਰਿਵਾਰਵਾਦ ਦਾ ਪੱਖ ਪੂਰਿਆ ਹੈ। ਉਨ੍ਹਾਂ ਦੇ ਨਿੱਜੀ ਏਜੰਡੇ ਤੇ ਲਾਭ ਹੀ ਕਾਂਗਰਸ ਲਈ ਨੁਕਸਾਨਦੇਹ ਸਾਬਿਤ ਹੋਏ।''
ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨ ਵੀ ਮਨਜੋਤ ਸਿੰਘ ਨੇ ਟਵੀਟ ਕੀਤਾ ਸੀ ਤੇ ਲਿਖਿਆ ਸੀ ਕਿ ''ਪੰਜਾਬ ਕਾਂਗਰਸ ਦੀ ਹਾਰ ਦਾ ਕਾਰਨ ਕਾਂਗਰਸੀ ਵਰਕਰਾਂ ਦੀ ਬੇਇੱਜ਼ਤੀ ਅਤੇ ਸਾਰੇ ਵੱਡੇ ਲੀਡਰਾਂ ਦੀ ਐਸ਼ੋ-ਆਰਾਮ ਦੀ ਜ਼ਿੰਦਗੀ ਹੈ। ਉਧਰ ਭਰਾ-ਪੁੱਤ ਦੇ ਪ੍ਰਚਾਰ 'ਚ ਰੁੱਝੇ ਰਹਿਣਾ ਤੇ ਨੌਜਵਾਨਾਂ ਦਾ ਹੰਕਾਰ।''