
4 ਹਜ਼ਾਰ ਕਰੋੜ ਰੁਪਏ ਨਾਲ ਬਣੇਗੀ ਊਨਾ ਹਮੀਰਪੁਰ ਰੇਲ ਲਾਈਨ : ਅਨੁਰਾਗ ਠਾਕੁਰ
ਕਿਹਾ, ਰੇਲ ਲਾਈਨ ਦਾ ਕੰਮ ਅੰਤਮ ਪੜਾਅ ’ਤੇ
ਚੰਡੀਗੜ੍ਹ, 13 ਮਾਰਚ (ਸ.ਸ.ਸ.) : ਕੇਂਦਰੀ ਸੂਚਨਾ ਤੇ ਪ੍ਰਸਾਰਣ, ਯੁਵਾ ਮਾਮਲੇ ਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਊਨਾ-ਹਮੀਰਪੁਰ ਰੇਲ ਲਾਈਨ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ।
ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਹੋਰ ਦਸਿਆ ਕਿ ਇਸ ਲਾਈਨ ਨੂੰ ਲੈ ਕੇ ਕੰਮ ਅੰਤਮ ਪੜਾਅ ’ਤੇ ਹੈ। ਇਸ ਰਾਸ਼ੀ ’ਚ 75 ਫ਼ੀ ਸਦੀ ਕੇਂਦਰ ਤੇ 25 ਫ਼ੀ ਸਦੀ ਸੂਬਾ ਸਰਕਾਰ ਦਾ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਹਿਮਾਚਲ ਪ੍ਰਦੇਸ਼ ਅੰਦਰ ਬੇਹਤਰ ਰੇਲ ਸੰਪਰਕ ਲਈ ਯਤਨਸ਼ੀਲ ਰਿਹਾ ਹਾਂ। ਇਸ ਲਾਈਨ ਲਈ ਮੈਂ 2015 ’ਚ ਮੰਗ ਕੀਤੀ ਸੀ। 2016 ’ਚ ਇਸ ਦਾ ਮੁਢਲਾ ਸਰਵੇ ਹੋਇਆ।
ਉਨ੍ਹਾਂ ਦਸਿਆ ਕਿ ਇਸ ਰੇਲ ਲਾਈਨ ਪ੍ਰਾਜੈਕਟ ’ਚ ਆ ਰਹੀਆਂ ਤਕਨੀਕੀ ਦਿੱਕਤਾਂ ਦੂਰ ਕਰ ਦਿਤੀਆਂ ਗਈਆਂ ਹਨ। ਪਿਛਲੇ ਦਿਨਾਂ ’ਚ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਮੇਰੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਵਿਸਥਾਰ ’ਚ ਚਰਚਾ ਹੋਈ ਹੈ। ਇਹ ਪ੍ਰਾਜੈਕਟ ਪਹਿਲਾਂ 6 ਹਜ਼ਾਰ ਕਰੋੜ ਦਾ ਸੀ ਪਰ ਇਕ ਸੁਰੰਗ ਹਟਾ ਦੇਣ ਬਾਅਦ 2 ਹਜ਼ਾਰ ਕਰੋੜ ਲਾਗਤ ਘਟ ਕੇ 4 ਹਜ਼ਾਰ ਕਰੋੜ ਰਹਿ ਗਈ।