
ਪੰਜਾਬ ਵਿਚ ਪਹਿਲੇ ਫ਼ਾਇਰ ਸੇਫ਼ਟੀ ਹਫ਼ਤੇ ਦਾ ਆਗ਼ਾਜ਼
''ਫ਼ਾਇਰ ਮੈਨ ਅਤੇ ਅਫ਼ਸਰ ਜੋ ਵੀ ਆਪਣੀ ਡਿਊਟੀ ਦੌਰਾਨ ਅਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਦੂਜਿਆਂ ਦੀਆਂ ਜ਼ਿੰਦਗੀਆਂ ਬਚਾਉਂਦੇ ਹਨ, ਉਹ ਇਸ ਦੇ ਹੱਕਦਾਰ ਹਨ ਕਿ ਉਨ੍ਹਾਂ ਨੂੰ ਅਸਰਦਾਰ ਅਤੇ ਸਮਰੱਥ ਫ਼ਾਇਰ ਸੇਫ਼ਟੀ ਢਾਂਚਾ ਮੁਹਈਆ ਕਰਵਾਇਆ ਜਾਵੇ।'' ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੈਕਟਰ-35, ਚੰਡੀਗੜ੍ਹ ਵਿਖੇ ਮਿਊਂਸਪਲ ਭਵਨ ਵਿਖੇ ਫ਼ਾਇਰ ਸੇਫ਼ਟੀ ਹਫ਼ਤੇ ਦੇ ਉਦਘਾਟਨੀ ਸਮਾਰੋਹ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵਲੋਂ ਪੰਜਾਬ ਵਿਚ ਪਹਿਲੀ ਵਾਰ 14 ਤੋਂ 20 ਅਪਰੈਲ ਤਕ ਇਹ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਦੇ ਉਦਘਾਟਨੀ ਸਮਾਰੋਹ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਅਪਣੀਆਂ ਜਾਨਾਂ ਵਾਰਨ ਵਾਲੇ ਫ਼ਾਇਰਮੈੱਨ ਦੇ ਪਰਵਾਰਾਂ ਅਤੇ ਫ਼ਾਇਰ ਕਰਮੀਆਂ ਨਾਲ ਬੈਠ ਕੇ ਮਾਣ ਮਹਿਸੂਸ ਕਰ ਰਹੇ ਹਨ।
Navjot singh sidhu
ਸਿੱਧੂ ਨੇ ਕਿਹਾ ਕਿ ਜਦ ਉਹ ਲੁਧਿਆਣਾ ਵਿਖੇ ਵਾਪਰੀ ਅੱਗ ਲੱਗਣ ਦੀ ਦੁਖਾਂਤਕ ਘਟਨਾ ਮੌਕੇ ਸੀ.ਐਮ.ਸੀ. ਲੁਧਿਆਣਾ ਵਿਖੇ ਅੱਗ ਨਾਲ ਝੁਲਸੇ ਫ਼ਾਇਰ ਕਰਮੀਆਂ ਨੂੰ ਮਿਲਣ ਪੁੱਜੇ ਤਾਂ ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਫ਼ਾਇਰ ਕਰਮੀਆਂ ਕੋਲ ਕੋਈ ਆਧੁਨਿਕ ਸਾਧਨ ਅਤੇ ਫ਼ਾਇਰ ਸੂਟ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਉਸੇ ਦਿਨ ਉਨ੍ਹਾਂ ਪੰਜਾਬ ਵਿਚ ਪਹਿਲੀ ਵਾਰ ਫ਼ਾਇਰ ਸੇਫ਼ਟੀ ਹਫ਼ਤਾ ਮਨਾਉਣ ਦਾ ਐਲਾਨ ਕੀਤਾ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਮੌਕੇ ਬਹਾਦਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਫ਼ਾਇਰ ਕਰਮੀਆਂ ਨੂੰ ਸਨਮਾਨਤ ਕੀਤਾ ਜਾਇਆ ਕਰੇਗਾ। ਸਿੱਧੂ ਨੇ ਜਾਨਾਂ ਗਵਾਉਣ ਵਾਲੇ ਨੌਂ ਫ਼ਾਇਰ ਕਰਮੀਆਂ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ।