
ਵੱਡੇ ਮਕਾਨਾਂ ਦੀਆਂ ਛੱਤਾਂ 'ਤੇ ਨਹੀਂ ਲਵਾਏ ਜਾ ਰਹੇ ਸੋਲਰ ਊਰਜਾ ਪਲਾਂਟ
ਸੋਹਣੇ ਸ਼ਹਿਰ ਚੰਡੀਗੜ੍ਹ ਵਿਚ ਇਕ ਕਨਾਲ ਤੋਂ ਵੱਡੇ ਮਕਾਨ ਮਾਲਕਾਂ ਵਲੋਂ ਅਪਣੇ ਘਰਾਂ ਦੀਆਂ ਛੱਤਾਂ 'ਤੇ ਸੋਲਰ ਊਰਜਾ ਪਲਾਂਟ ਲਾਉਣ 'ਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ ਜਾ ਰਹੀ। ਚੰਡੀਗੜ੍ਹ ਪ੍ਰਸ਼ਾਸਨ ਦੇ ਐਨਰਜੀ, ਸਾਇੰਸ ਅਤੇ ਟੈਕਨਾਲਜੀ ਵਿਭਾਗ ਵਲੋਂ ਇਕ ਕਨਾਲ ਤੋਂ ਵੱਡੇ ਘਰਾਂ 'ਚ ਪਹਿਲੀ ਮਈ ਤਕ ਸੋਲਰ ਪਲਾਂਟ ਲਵਾਉਣਾ ਜ਼ਰੂਰੀ ਕਰਾਰ ਦਿੰਦਿਆਂ ਨੋਟੀਫ਼ੀਕੇਸ਼ਨ ਕੀਤਾ ਸੀ, ਜਿਸ ਵਚ ਅਪਣੇ ਘਰਾਂ ਦੀਆਂ ਛੱਤਾਂ 'ਤੇ ਊਰਜਾ ਪਲਾਂਟ ਲਾਉਣ ਵਾਲਿਆਂ ਨੂੰ ਪ੍ਰਸ਼ਾਸਨ ਵਲੋਂ ਸਬਸਿਟੀ ਦਿਤੀ ਜਾਂਦੀ ਹੈ। ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਤੇ ਇਮਾਰਤਾਂ 'ਤੇ ਸੋਲਰ ਪਲਾਂਟ ਲਾਏ ਹਨ। ਸੂਤਰਾਂ ਅਨੁਸਾਰ ਇਸ ਤੋਂ ਇਲਾਵਾ ਚੰਡੀਗੜ੍ਹ ਊਰਜਾ ਵਿਭਾਗ ਮਕਾਨ ਮਾਲਕਾਂ ਕੋਲੋਂ ਵਾਧੂ ਬਿਜਲੀ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖ਼ਰੀਦਣ ਦੀ ਯੋਜਨਾ ਵੀ ਉਲੀਕੀ ਸੀ।
Solar
ਪਰ ਸੂਤਰਾਂ ਅਨੁਸਾਰ ਸ਼ਹਿਰ ਵਾਸੀਆਂ, ਫ਼ਲੈਟ ਮਾਲਕਾਂ ਅਤੇ ਇਕ ਕਨਾਲ ਤੋਂ ਵੱਡੇ ਘਰਾਂ ਦੇ ਮਾਲਕਾਂ ਵਲੋਂ ਇਸ ਪਾਸੇ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾਈ ਜਾ ਰਹੀ, ਜਿਸ ਕਾਰਨ ਪ੍ਰਸ਼ਾਸਨ ਦਾ 2022 ਤਕ ਚੰਡੀਗੜ੍ਹ ਸ਼ਹਿਰ ਨੂੰ ਸੋਲਰ ਸਿਟੀ ਬਣਾਉਣ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਊਰਜਾ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ 160 ਦੇ ਕਰੀਬ ਹੀ ਲੋਕਾਂ ਨੇ ਅਪਣੇ ਘਰਾਂ ਅਤੇ ਕਮਰਸ਼ੀਅਲ ਥਾਵਾਂ 'ਤੇ ਊਰਜਾ ਪਲਾਂਟ ਲਾਉਣ ਲਈ ਪਹੁੰਚ ਕੀਤੀ ਹੈ, ਜਿਸ ਨਾਲ ਵਿਭਾਗ ਨੂੰ ਕਾਫ਼ੀ ਨਿਰਾਸ਼ਾ ਪੱਲੇ ਪਈ ਹੈ। ਊਰਜਾ ਵਿਭਾਗ ਦੇ ਡਾਇਰੈਕਟਰ ਸੰਤੋਸ਼ ਕੁਮਾਰ ਅਨੁਸਾਰ ਉਨ੍ਹਾਂ ਅਸਟੇਟ ਦਫ਼ਤਰ ਨੂੰ ਪੱਤਰ ਲਿਖ ਕੇ ਅਜਿਹੇ ਲੋਕਾਂ ਵਿਰੁਧ ਸਖ਼ਤੀ ਨਾਲ ਐਕਸ਼ਨ ਲੈਣ ਲਈ ਬੇਨਤੀ ਕੀਤੀ ਹੈ।