
ਸੜਕ ਸੁਰੱਖਿਆ ਫ਼ੰਡਾਂ ਦੇ ਖ਼ਰਚੇ ਸਬੰਧੀ ਤਿੰਨ ਮੈਂਬਰੀ ਗਰੁਪ ਦਾ ਗਠਨ
ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਸੁਰੱਖਿਆ ਦੇ ਟੀਚਾਗਤ ਖ਼ਰਚਿਆਂ ਬਾਰੇ ਕਾਰਜ ਯੋਜਨਾ ਤਿਆਰ ਕਰਨ ਵਾਸਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤਾਕਿ ਸੜਕ ਹਾਦਸਿਆਂ ਨੂੰ ਹੋਰ ਘਟਾਇਆ ਜਾ ਸਕੇ। ਪਿਛਲੇ ਸਾਲ ਇਨ੍ਹਾਂ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ 'ਚ ਤਕਰੀਬਨ 16 ਫ਼ੀ ਸਦੀ ਕਮੀ ਆਈ ਹੈ। ਪਿਛਲੇ ਦਸ ਸਾਲਾਂ ਦੌਰਾਨ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਤੁਲਨਾ 'ਚ ਪਿਛਲੇ ਸਾਲ ਤੇਜ਼ੀ ਨਾਲ ਕਮੀ ਆਉਣ ਦੇ ਬਾਵਜੂਦ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਸੜਕ ਹਾਦਸਿਆਂ ਨੂੰ ਘਟਾਉਦਾ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਤਿੰਨ ਮੈਂਬਰੀ ਕਮੇਟੀ ਗ੍ਰਹਿ ਸਕੱਤਰ, ਟਰਾਂਸਪੋਰਟ ਸਕੱਤਰ ਅਤੇ ਏ.ਡੀ.ਜੀ.ਪੀ ਆਧਾਰਤ ਹੋਵੇਗੀ ਜੋ ਫ਼ੰਡਾਂ ਨੂੰ ਸਹੀ ਢੰਗ ਨਾਲ ਵਰਤੇ ਜਾਣ ਨੂੰ ਯਕੀਨੀ ਬਣਾਵੇਗੀ। ਇਸ ਸਾਲ ਇਸ ਫ਼ੰਡ ਹੇਠ 20 ਕਰੋੜ ਰੁਪਏ ਦੀ ਰਾਸ਼ੀ ਉਪਲਭਧ ਹੈ।
Captain Amarinder Singh
ਮੁੱਖ ਮੰਤਰੀ ਨੇ ਸਵੈ-ਚਾਲਿਤ ਤਰੀਕੇ ਨਾਲ ਗੱਡੀਆਂ ਦੀ ਸਪੀਡ ਚੈਕ ਕਰਨ ਉਤੇ ਕੌਂਸਲ ਨੂੰ ਅਪਣਾ ਧਿਆਨ ਕੇਂਦਰਤ ਕਰਨ ਦੇ ਨਿਰਦੇਸ਼ ਦਿਤੇ। ਉਨ੍ਹਾਂ ਨੇ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਆਵਾਜਾਈ ਦੀਆਂ ਹੋਰ ਉਲੰਘਣਾਵਾਂ ਲਈ ਈ-ਚਲਾਨ ਦਾ ਵੀ ਸੁਝਾਅ ਦਿਤਾ। 63 ਹਾਈਵੇਅ ਗਸ਼ਤੀ ਗੱਡੀਆਂ, 17 ਕਰੇਨਾਂ, 12 ਰਿਕਵਰੀ ਵੈਨਾਂ ਅਤੇ 18 ਐਂਬੂਲੈਂਸਾਂ ਸੂਬੇ ਦੇ 6 ਨਾਜ਼ੁਕ ਸਥਾਨਾਂ ਅਤੇ ਰਾਸ਼ਟਰੀ ਰਾਜ ਮਾਰਗਾਂ 'ਤੇ ਤਾਇਨਾਤ ਹਨ। ਐਨ.ਜੀ.ਓਜ਼ ਨਾਲ ਸਬੰਧਤ 125 ਨਿਜੀ ਐਂਬੂਲੈਂਸਾਂ ਵੀ ਪੁਲਿਸ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਤਾਲਮੇਲ ਨਾਲ ਚੱਲ ਰਹੀਆਂ ਹਨ। ਇਸ ਮੌਕੇ ਰਵੀਨ ਠੁਕਰਾਲ, ਸੁਰੇਸ਼ ਕੁਮਾਰ, ਐਨ.ਐਸ. ਕਲਸੀ, ਅਨਿਰੁੱਧ ਤਿਵਾੜੀ, ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ, ਵਧੀਕ ਰਾਜ ਟਰਾਂਸਪੋਰਟ ਕਮਿਸ਼ਨਰ ਐਮ.ਕੇ. ਅਰਵਿੰਦ ਕੁਮਾਰ, ਪੰਜਾਬ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਹਰਮਨ ਸਿੰਘ ਸਿੱਧੂ ਅਤੇ ਰਾਹੁਲ ਵਰਮਾ ਤੋਂ ਇਲਾਵਾ ਡਾਇਰੈਕਟਰ ਸਿਹਤ ਸੇਵਾਵਾਂ ਤੋਂ ਡਾ. ਪ੍ਰੀਤੀ, ਸੜਕ ਸੁਰੱਖਿਆ ਦੇ ਕੁਆਰਡੀਨੇਟਰ ਮਨਮੋਹਨ ਲੂਥਰਾ ਅਤੇ ਪੰਜਾਬ ਸੜਕ ਅਤੇ ਬ੍ਰਿਜ ਵਿਕਾਸ ਬੋਰਡ ਦੇ ਚੀਫ਼ ਇੰਜੀਨੀਅਰ ਮੁਕੇਸ਼ ਗੋਇਲ ਵੀ ਹਾਜ਼ਰ ਸਨ।