
ਮੁੱਖ ਮੰਤਰੀ ਨੇ ਘਰਾਂ ਵਿਚ ਰਹਿਣ 'ਤੇ ਲੋਕਾਂ ਦਾ ਧਨਵਾਦ ਕੀਤਾ
ਚੰਡੀਗੜ੍ਹ, 13 ਅਪ੍ਰੈਲ (ਸ.ਸ.ਸ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਾਸੀਆਂ ਨੂੰ ਵਿਸਾਖੀ ਮੌਕੇ ਘਰ ਹੀ ਰਹਿ ਕੇ ਸਵੇਰੇ 11 ਵਜੇ ਅਰਦਾਸ ਕਰਨ ਦੀ ਕੀਤੀ ਅਪੀਲ ਉਤੇ ਮਿਲੇ ਭਰਵੇਂ ਹੁੰਗਾਰੇ ਲਈ ਸਮੂਹ ਲੋਕਾਂ ਦਾ ਧਨਵਾਦ ਕੀਤਾ। ਮੁੱਖ ਮੰਤਰੀ ਨੇ ਸੋਮਵਾਰ ਨੂੰ ਲੋਕਾਂ ਦਾ ਇਸ ਗੱਲੋਂ ਧਨਵਾਦ ਕੀਤਾ ਕਿ ਉਨ੍ਹਾਂ ਸਰਬੱਦ ਦੇ ਭਲੇ ਲਈ ਆਪਣੇ ਹੀ ਘਰਾਂ ਵਿਚ ਰਹਿੰਦਿਆਂ ਅਰਦਾਸ ਕਰ ਕੇ ਵਿਸਾਖੀ ਦਾ ਪਾਵਨ ਤੇ ਪਵਿੱਤਰ ਤਿਉਹਾਰ ਮਨਾਇਆ।
File Photo
ਮੁੱਖ ਮੰਤਰੀ ਜਿਨ੍ਹਾਂ ਅਪਣੀ ਰਿਹਾਇਸ਼ ਵਿਖੇ ਵਿਸਾਖੀ ਦੀ ਅਰਦਾਸ ਕੀਤੀ, ਨੇ ਇਹ ਆਸ ਜਤਾਈ ਕਿ ਲੋਕਾਂ ਵਲੋਂ ਇਕੱਠਿਆਂ ਕੀਤੀ ਗਈ ਅਰਦਾਸ ਪੰਜਾਬ ਨੂੰ ਸੁਰੱਖਿਅਤ ਰੱਖਦੀ ਹੋਈ ਖ਼ਤਰਨਾਕ ਕੋਰੋਨਾ ਵਾਇਰਸ ਵਿਰੁਧ ਜਿੱਤ ਯਕੀਨੀ ਬਣਾਏਗੀ। ਕੈਪਟਨ ਅਮਰਿੰਦਰ ਸਿੰਘ ਨੇ ਕੱਲ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਘਰਾਂ ਵਿਚ ਹੀ ਰਹਿੰਦੇ ਹੋਏ ਇਸ ਵਾਰ ਰਵਾਇਤੀ ਤੇ ਜਾਹੋ-ਜਲਾਲ ਤਰੀਕੇ ਨਾਲ ਤਿਉਹਾਰ ਮਨਾਉਣ ਤੋਂ ਗੁਰੇਜ਼ ਕਰਨ। ਇਹੋ ਹੀ ਉਨ੍ਹਾਂ, ਉਨ੍ਹਾਂ ਦੇ ਬੱਚਿਆਂ, ਸੂਬੇ ਅਤੇ ਦੇਸ਼ ਦੇ ਹਿੱਤ ਵਿਚ ਹੈ। ਮੁੱਖ ਮੰਤਰੀ ਨੇ ਕਿਹਾ,''ਬਦਕਸਿਮਤੀ ਨਾਲ ਸਾਨੂੰ ਕਰਫ਼ਿਊ ਦੇ ਸਮੇਂ ਵਿਚ ਦੋ ਹਫ਼ਤਿਆਂ ਦਾ ਹੋਰ ਵਾਧਾ ਕਰ ਕੇ ਪਹਿਲੀ ਮਈ ਤਕ ਕਰਨਾ ਪਿਆ ਪਰ ਹਾਲਾਤ ਨਾਜ਼ੁਕ ਹੋਣ ਕਾਰਨ ਹੋਰ ਕੋਈ ਰਸਤਾ ਵੀ ਨਹੀਂ ਸੀ।''