
ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਛੋਟੇ ਦੁਕਾਨਦਾਰ ਅਪਣੇ ਪਰਵਾਰਾਂ ਦੇ ਖ਼ਰਚੇ ਝੱਲਣ ਤੋਂ ਅਸਮਰੱਥ ਹਨ। ਮੰਡੀ ਲੱਖੇਵਾਲੀ ਨਿਵਾਸੀ ਇਕ ਹਲਵਾਈ ਨੇ ਅਪਣਾ
ਲੱਖੇਵਾਲੀ, 13 ਅਪ੍ਰੈਲ (ਸੁਖਵਿੰਦਰ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਛੋਟੇ ਦੁਕਾਨਦਾਰ ਅਪਣੇ ਪਰਵਾਰਾਂ ਦੇ ਖ਼ਰਚੇ ਝੱਲਣ ਤੋਂ ਅਸਮਰੱਥ ਹਨ। ਮੰਡੀ ਲੱਖੇਵਾਲੀ ਨਿਵਾਸੀ ਇਕ ਹਲਵਾਈ ਨੇ ਅਪਣਾ ਦੁਖੜਾ ਜ਼ਾਹਰ ਕਰਦਿਆਂ ਦਸਿਆ ਕਿ 23 ਮਾਰਚ ਨੂੰ ਸਾਡੇ ਕੋਲ ਲਗਭਗ 90 ਹਜ਼ਾਰ ਰੁਪਏ ਦੀ ਮਿਠਾਈ ਪਈ ਸੀ ਜੋ ਮਹਾਂਮਾਰੀ ਕਰ ਕੇ ਸਾਰੀ ਸੁੱਟਣੀ ਪਈ। ਜੋ ਵਿਆਹ ਸ਼ਾਦੀ ਸਬੰਧੀ ਆਰਡਰ ਬੁੱਕ ਸਨ, ਉਹ ਸਾਰੇ ਕੈਂਸਲ ਹੋ ਗਏ। ਇਸ ਤੋਂ ਇਲਾਵਾ ਜੋ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਸਨ, ਉਨ੍ਹਾਂ ਦੀ ਰੋਟੀ-ਪਾਣੀ ਦੇ ਨਾਲ-ਨਾਲ ਸਾਰਾ ਖ਼ਰਚ ਵੀ ਅਸੀਂ ਮਜਬੂਰੀਵਸ ਝੱਲ ਰਹੇ ਹਾਂ।
ਹਰ ਛੋਟੇ ਹਲਵਾਈ ਕੋਲ 7 ਤੋਂ 8 ਮਜ਼ਦੂਰ ਕੰਮ ਕਰਦੇ ਹਨ। ਇਸ ਤੋਂ ਇਲਾਵਾ ਦੁਕਾਨ ਦਾ ਕਿਰਾਇਆ, ਬਿਜਲੀ ਤੇ ਪਾਣੀ ਦਾ ਬਿਲ ਆਦਿ ਸਾਰੇ ਖ਼ਰਚੇ ਗਿਣ ਕੇ ਇਕ ਹਲਵਾਈ ਨੂੰ 60 ਤੋਂ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚਾ ਪੈ ਰਿਹਾ ਹੈ। ਛੋਟੇ ਦੁਕਾਨਦਾਰਾਂ ਲਈ ਅਜਿਹੇ ਖ਼ਰਚੇ ਝੱਲਣੇ ਮੁਸ਼ਕਲ ਹਨ, ਇਸ ਲਈ ਸਰਕਾਰ ਉਨ੍ਹਾਂ ਦੀ ਯੋਗ ਮਦਦ ਕਰੇ ਜਾਂ ਨਿਸ਼ਚਿਤ ਸਮੇਂ ਲਈ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਵੇ।